ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਸਤੰਬਰ
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੁਲੀਸ ਵਧੀਕੀਆਂ ਦਾ ਮਾਮਲਾ ਚੁੱਕਦਿਆਂ ਕਿਹਾ ਕਿ ਪੀੜਤ ਲੋਕ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਨੇ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿੱਜੀ ਤੌਰ ’ਤੇ ਦਖ਼ਲ ਦੇਣ ਦੀ ਮੰਗ ਕੀਤੀ, ਉੱਥੇ ਡੀਜੀਪੀ ਅਤੇ ਐਸਐਸਪੀ ਨੂੰ ਵੀ ਸ਼ਿਕਾਇਤਾਂ ਭੇਜੀਆਂ ਹਨ।
ਬਲਵਿੰਦਰ ਕੁੰਭੜਾ ਨੇ ਇੱਕ ਥਾਣੇਦਾਰ ’ਤੇ ਨਸ਼ਾ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਕਥਿਤ ਪੈਸੇ ਲੈ ਕੇ ਛੱਡਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੁਹਾਲੀ ਨੇੜਲੇ ਇੱਕ ਪਿੰਡ ਵਿੱਚ ਗ਼ਰੀਬ ਲੜਕੀ ਨਾਲ ਬਲਾਤਕਾਰ ਅਤੇ ਮੌਤ ਦੇ ਮਾਮਲੇ ਨੂੰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਮੁਲਜ਼ਮ ਪੁਲੀਸ ਅਫ਼ਸਰ ਦੇ ਰਿਸ਼ਤੇਦਾਰ ਸਨ। ਅਵਤਾਰ ਸਿੰਘ ਮੱਕੜਿਆਂ ਨੇ ਦੱਸਿਆ ਕਿ ਸਾਲ 2017 ਵਿੱਚ ਪੁਲੀਸ ਉਸਦੇ ਜਵਾਈ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਸੀ।
ਉਧਰ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਉਕਤ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਕੁੰਭੜਾ ਵਾਸੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਧਿਰ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਦੂਸ਼ਣਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਨਸ਼ਾ ਵੇਚਣ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਥਾਣੇਦਾਰ ’ਤੇ ਪੈਸੇ ਲੈਣ ਸਬੰਧੀ ਦੋਸ਼ 3 ਮਹੀਨੇ ਬਾਅਦ ਲਗਾਏ ਜਾ ਰਹੇ ਹਨ।
ਮੁਹਾਲੀ-ਪੁਲੀਸ ਵਧੀਕੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਕੁੰਭੜਾ। -ਫੋਟੋ: ਸੋਢੀ