ਦਰਸ਼ਨ ਸੋਢੀ
ਮੁਹਾਲੀ, 17 ਸਤੰਬਰ
ਇੱਥੋਂ ਦੇ ਸੈਕਟਰ-76 ਸਥਿਤ ਬਹੁ-ਮੰਜਲਾ ਰਿਹਾਇਸ਼ੀ ਕੋਆਪੋਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਨਿਰਮਾਣ ਵਿੱਚ ਕਥਿਤ ਘਪਲੇਬਾਜ਼ੀ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਦਰਜ ਐੱਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਚਲਾਨ ਪੇਸ਼ ਨਾ ਕਰਨ ਤੋਂ ਖਫਾ ਸੁਸਾਇਟੀ ਮੈਂਬਰਾਂ ਨੇ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਯਾਦ ਪੱਤਰ ਦੇ ਕੇ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਪਿਛਲੇ ਸਾਲ ਨਾਮਜ਼ਦ ਕੀਤੇ ਠੇਕੇਦਾਰ ਅਤੇ ਆਰਕੀਟੈਕਟ ਖਿਲਾਫ਼ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਸੁਸਾਇਟੀ ਮੈਂਬਰ ਐੱਸਐੱਸਪੀ ਦਫਤਰ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨਗੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਦਮਨਬੀਰ ਸਿੰਘ ਸਿੱਧੂ, ਸਾਬਕਾ ਆਨਰੇਰੀ ਸਕੱਤਰ ਦਵਿੰਦਰ ਲਖਨਪਾਲ, ਮੀਤ ਪ੍ਰਧਾਨ ਰਾਜਿੰਦਰ ਸਿੰਘ, ਹਰਜਿੰਦਰ ਕੌਰ ਨੇ ਦੱਸਿਆ ਕਿ ਸੁਸਾਇਟੀ ਨੂੰ ਮਿਲੀ 100 ਫਲੈਟਾਂ ਦੀ ਥਾਂ 110 ਫਲੈਟਾਂ ਦੀ ਉਸਾਰੀ ਕਰ ਕੇ ਘਪਲੇਬਾਜ਼ੀ ਕਰਨ ਅਤੇ ਉਸਾਰੀ ਦੌਰਾਨ ਕਥਿਤ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਅੱਧੀ ਅਧੂਰੀ ਬਿਲਡਿੰਗ ਹੁਣ ਖੰਡਰ ਬਣਦੀ ਜਾ ਰਹੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਉਕਤ ਸੁਸਾਇਟੀ ਨੂੰ ਜੂਨ 2011 ਦੌਰਾਨ ਗਮਾਡਾ ਨੇ 100 ਫਲੈਟਾਂ ਦੀ ਉਸਾਰੀ ਲਈ 1.71 ਏਕੜ ਜ਼ਮੀਨ ਅਲਾਟ ਕੀਤੀ ਸੀ ਪ੍ਰੰਤੂ ਉਸ ਸਮੇਂ ਦੇ ਸੁਸਾਇਟੀ ਦੇ ਪ੍ਰਧਾਨ ਨੇ ਠੇਕੇਦਾਰ ਅਤੇ ਆਰਕੀਟੈਕਟ ਦੇ ਨਾਲ ਮਿਲ ਕੇ ਗਮਾਡਾ ਦੀ ਪ੍ਰਵਾਨਗੀ ਪ੍ਰਾਪਤ ਕੀਤੇ ਬਿਨਾਂ 110 ਫਲੈਟਾ ਦੀ ਉਸਾਰੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗਮਾਡਾ ਨੇ 2013 ਵਿੱਚ ਉਸਾਰੀ ਦੇ ਕੰਮ ਵਿੱਚ ਹੋਈਆਂ ਬੇਨਿਯਮਿਆਂ ਕਾਰਨ ਉਸਾਰੀ ਦੇ ਕੰਮ ਉੱਪਰ ਰੋਕ ਲਗਾ ਦਿੱਤੀ ਸੀ ਅਤੇ ਇਹ ਕੰਮ ਹੁਣ ਵੀ ਬੰਦ ਪਿਆ ਹੈ।