ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਨਗਰ ਨਿਗਮ ਚੋਣਾਂ ਨੇੜੇ ਆਉਣ ਦੇ ਨਾਲ-ਨਾਲ ਸਾਰੇ ਉਮੀਦਵਾਰਾਂ ਨੇ ਚੋਣ ਮੈਦਾਨ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਇਹ ਉਮੀਦਵਾਰ ਆਪੋ-ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਭਾਜਪਾ, ਕਾਂਗਰਸ ਅਤੇ ‘ਆਪ’ ਦੇ ਆਗੂ ਰੁੱਸਿਆਂ ਨੂੰ ਮਨਾਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਨਿਗਮ ਚੋਣਾਂ ਵਿੱਚ ਕੁੱਲ 214 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਦੀ ਹੈ, ਇਸ ਕਰ ਕੇ ਔਰਤਾਂ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਪ੍ਰਚਾਰ ਕਰਦੇ ਦੇਖੇ ਜਾ ਰਹੇ ਹਨ। ਵਾਰਡ ਨੰਬਰ-15 ਤੋਂ ਕਾਂਗਰਸੀ ਉਮੀਦਵਾਰ ਧੀਰਜ ਗੁਪਤਾ ਵੱਲੋਂ ਨੌਜਵਾਨ ਸਾਥੀਆਂ ਦੇ ਨਾਲ ਪਿੰਡ ਸਾਰੰਗਪੁਰ, ਧਨਾਸ ਕਾਲੋਨੀ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਘਰ-ਘਰ ਜਾ ਕੇ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਚੰਡੀਗੜ੍ਹ ਸ਼ਹਿਰ ਦਾ ਵਿਕਾਸ ਦੇ ਨਾਲ-ਨਾਲ ਸਫਾਈ ਪ੍ਰਬੰਧਾਂ ਵਿੱਚ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਚੋਣਾਂ ਤੋਂ ਬਾਅਦ ਸ਼ਹਿਰ ਵਿੱਚ ਦਿਖਾਈ ਹੀ ਨਹੀਂ ਦੇ ਰਹੇ ਹਨ। ਐਨਾ ਹੀ ਨਹੀਂ ਸੰਸਦ ਮੈਂਬਰ ਵੱਲੋਂ ਗੋਦ ਲਿਆ ਗਿਆ ਪਿੰਡ ਵੀ ਵਿਕਾਸ ਦਾ ਰਾਹ ਤੱਕ ਰਿਹਾ ਹੈ। ਧੀਰਜ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ। ਇਸੇ ਤਰ੍ਹਾਂ ਸਾਬਕਾ ਤੇ ਮੇਅਰ ਤੇ ਵਾਰਡ ਨੰਬਰ-21 ਤੋਂ ਭਾਜਪਾ ਦੇ ਉਮੀਦਵਾਰ ਦੇਵੇਸ਼ ਮੋਦਗਿੱਲ ਨੇ ਸੈਕਟਰ-47 ਵਿਚ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਇਸ ਦੌਰਾਨ ਉਹ ਬਜ਼ੁਰਗਾਂ ਦਾ ਅਸ਼ੀਰਵਾਦ ਲੈਂਦੇ ਹੋਏ ਵੀ ਦਿਖੇ। ਉੱਧਰ, ਵਾਰਡ ਨੰਬਰ-23 ਤੋਂ ਭਾਜਪਾ ਦੀ ਉਮੀਦਵਾਰ ਨੇਹਾ ਅਰੋੜਾ ਨੇ ਆਪਣੀਆਂ ਮਹਿਲਾ ਸਾਥੀਆਂ ਸਣੇ ਚੋਣ ਪ੍ਰਚਾਰ ਤੇਜ਼ ਕੀਤਾ। ਉਨ੍ਹਾਂ ਵੱਲੋਂ ਸੈਕਟਰ-34, 35 ਅਤੇ 43 ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਨੇਹਾ ਅਰੋੜਾ ਪੜ੍ਹੀ-ਲਿਖੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਰਹਿਣ ਵਾਲੀ ਔਰਤ ਹੋਣ ਕਰ ਕੇ ਲੋਕਾਂ ਨੂੰ ਵਿਕਾਸ ਦਾ ਨਵਾਂ ਰੋਡ ਮੈਪ ਪੇਸ਼ ਕਰ ਰਹੀ ਹਨ। ਉਨ੍ਹਾਂ ਸੈਕਟਰ-34 ਦੇ ਕਮਿਊਨਿਟੀ ਸੈਂਟਰ ਦੇ ਕੰਮ ਨੂੰ ਜਲਦੀ ਪੂਰਾ ਕਰਵਾਉਣ ਅਤੇ ਵਾਰਡ ਵਾਸੀਆਂ ਨੂੰ ਭਿਖਾਰੀਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦਾ ਵਾਅਦਾ ਕੀਤਾ।