ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 13 ਅਗਸਤ
ਮੁਹਾਲੀ ਦੀ ਅਨੂਰੀਤਪਾਲ ਕੌਰ ਦਾ ਦਾ ਨਾਂ ਪਹਿਲੀ ਅਲਗੋਜ਼ਾ ਵਾਦਕ ਲੜਕੀ ਵਜੋਂ ‘ਇੰਡੀਆ ਬੁੱਕ ਆਫ ਰਿਕਾਰਡ’ ਵਿੱਚ ਦਰਜ ਹੋਇਆ ਹੈ। ਪਿਛਲੇ ਚਾਰ ਵਰ੍ਹਿਆਂ ਤੋਂ ਅਲਗੋਜ਼ਾ ਵਜਾ ਰਹੀ ਅਨੂਰੀਤ ਪਹਿਲਾਂ ਵੀ ਕਈ ਮਾਣ-ਸਨਮਾਨ ਹਾਸਲ ਕਰ ਚੁੱਕੀ ਹੈ ਅਤੇ ਦੇਸ਼-ਵਿਦੇਸ਼ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਫ਼ਿਲਮੀ ਕਲਾਕਾਰ ਨਰਿੰਦਰ ਨੀਨਾ ਅਤੇ ਸੁਖਬੀਰਪਾਲ ਕੌਰ ਦੀ ਧੀ ਅਨੂਰੀਤ ਘੋੜ ਸਵਾਰੀ ਅਤੇ ਗੱਤਕਾ ਵਿੱਚ ਵੀ ਨਿਪੁੰਨ ਹੈ। ਉਹ 2017 ਤੋਂ ਕੌਮਾਂਤਰੀ ਪ੍ਰਸਿੱਧੀ ਵਾਲੇ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦੀ ਰਹਿਨੁਮਾਈ ਹੇਠ ਲਗਾਤਾਰ ਅਲਗੋਜ਼ਾ ਵਜਾ ਰਹੀ ਹੈ। ਉਸ ਨੇ ਗੱਤਕੇ ਵਿੱਚ ਮੁਹਾਰਤ ਆਪਣੇ ਨਾਨਾ ਜੀ ਅਤੇ ਪ੍ਰਸਿੱਧ ਗਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਤੋਂ ਹਾਸਲ ਕੀਤੀ ਹੈ। ਅਨੂਰੀਤ ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਇੱਕ ਸਰਟੀਫ਼ਿਕੇਟ, ਮੈਡਲ, ਆਈ ਕਾਰਡ, ਪੈਨ, ਬੈਜ ਭੇਜਿਆ ਗਿਆ ਹੈ। ਅਨੂਰੀਤ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਹੋਰ ਮਿਹਨਤ ਕਰਨ ਦਾ ਅਹਿਦ ਲਿਆ।