ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 8 ਨਵੰਬਰ
ਕਿਸਾਨਾਂ ਵੱਲੋਂ ਅਕਸ਼ੈ ਕੁਮਾਰ ਦੀ ਫਿਲਮ ਦਾ ਵਿਰੋਧ ਕਰਨ ਦੇ ਬਾਵਜੂਦ ਜ਼ੀਰਕਪੁਰ ਵਿੱਚ ਫਿਲਮ ਦੇ ਸ਼ੋਅ ਜਾਰੀ ਹਨ। ਇਸ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦੇ ਕੇ ਫਿਲਮ ਦੇ ਸ਼ੋਅ ਬੰਦ ਕਰਵਾਉਣ ਦੀ ਮੰਗ ਕੀਤੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊਂ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਸਣੇ ਹੋਰਨਾ ਨੇ ਦੱਸਿਆ ਕਿ ਅਕਸ਼ੈ ਕੁਮਾਰ, ਸੰਨੀ ਦਿਓਲ ਅਤੇ ਕੰਗਨਾ ਰਣੌਤ ਵਰਗੇ ਕਲਾਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਵਿਰੁੱਧ ਬਿਆਨਬਾਜ਼ੀ ਕੀਤੀ ਜਾਂਦੀ ਹੈ। ਇਸ ਦੇ ਮੱਦੇਨਜ਼ਰ ਕਿਸਾਨਾਂ ਨੇ ਫੈਸਲਾ ਕੀਤਾ ਸੀ ਕਿ ਉਹ ਪੰਜਾਬ ਵਿੱਚ ਇਨ੍ਹਾਂ ਕਲਾਕਾਰਾਂ ਦੀ ਕੋਈ ਵੀ ਫਿਲਮ ਨਹੀਂ ਚੱਲਣ ਦੇਣਗੇ। ਉਨ੍ਹਾਂ ਕਿਹਾ ਕਿ ਇਥੋਂ ਦੇ ਢਿੱਲੋਂ ਪਲਾਜ਼ਾ ਵਿੱਚ ਅਕਸ਼ੈ ਕੁਮਾਰ ਦੀ ਨਵੀਂ ਰਿਲੀਜ਼ ਹੋਈ ਫਿਲਮ ਸੂਰਿਆਵੰਸ਼ੀ ਦਿਖਾਈ ਜਾ ਰਹੀ ਸੀ ਜਿਸ ਦਾ ਉਹ ਦੋ ਦਿਨਾਂ ਤੋਂ ਵਿਰੋਧ ਕਰ ਰਹੇ ਹਨ।