ਪੱਤਰ ਪ੍ਰੇਰਕ
ਬਨੂੜ, 6 ਜੂਨ
ਇੱਥੋਂ ਦੇ ਕੌਮੀ ਮਾਰਗ ਨੇੜੇ ਇੱਕ ਝੁੱਗੀ ਨੂੰ ਹਟਾਕੇ ਨਗਰ ਕੌਂਸਲ ਵੱਲੋਂ ਬਣਾਈ ਪਾਰਕਿੰਗ ਦਾ ਮਾਮਲਾ ਗਰਮਾ ਗਿਆ ਹੈ। ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸੀਨੀਅਰ ਆਗੂ ਸਾਧੂ ਸਿੰਘ ਖਲੌਰ, ਅਕਾਲੀ ਕੌਂਸਲਰ ਲਛਮਣ ਸਿੰਘ ਚੰਗੇਰਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੌਂਸਲ ਅਧਿਕਾਰੀਆਂ ’ਤੇ ਅਦਾਲਤੀ ਨਿਰਦੇਸ਼ਾਂ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਆਗੂਆਂ ਨੇ ਆਖਿਆ ਕਿ ਅਦਾਲਤ ਵੱਲੋਂ ਇਸ ਸਬੰਧਤ ਥਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਦੇ ਬਾਵਜੂਦ ਸਬੰਧਿਤ ਥਾਂ ਉੱਤੇ ਬਣੀ ਹੋਈ ਇੱਕ ਝੁੱਗੀ ਨੂੰ ਪਹਿਲਾਂ ਹਟਾਇਆ ਗਿਆ। ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਅਦਾਲਤੀ ਸਟੇਅ ਦੀ ਕਾਪੀ ਮਿਲਦਿਆਂ ਹੀ ਤੁਰੰਤ ਕੰਮ ਬੰਦ ਕਰਾ ਦਿੱਤਾ ਗਿਆ ਸੀ।
ਸਬੰਧਤ ਥਾਂ ਕੌਂਸਲ ਦੀ ਮਲਕੀਅਤ: ਪ੍ਰਧਾਨ
ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਅਕਾਲੀ ਆਗੂਆਂ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਸਬੰਧਿਤ ਥਾਂ ਕੌਂਸਲ ਦੀ ਮਲਕੀਅਤ ਹੈ ਤੇ ਲੋਕਾਂ ਦੀ ਮੰਗ ਉੱਤੇ ਸਿਰਫ਼ ਆਰਜ਼ੀ ਪਾਰਕਿੰਗ ਬਣਾਈ ਗਈ ਹੈ।