ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 28 ਅਪਰੈਲ
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰ ਕੇ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਡਟਵੀਂ ਹਮਾਇਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਖ਼ਤਮ ਹੋ ਗਿਆ ਹੈ ਅਤੇ ਉਸ ਨੂੰ ਉਮੀਦਵਾਰ ਨਹੀਂ ਲੱਭ ਰਹੇ। ਉਨ੍ਹਾਂ ਕਿਹਾਕਿ ਕਾਂਗਰਸ ਲੋਕਤੰਤਰ ਨੂੰ ਬਚਾਉਣ ਲਈ ਲੜਾਈ ਲੜ ਰਹੀ ਹੈ। ਉਨ੍ਹਾਂ ਭਾਜਪਾ ਉਮੀਦਵਾਰ ਪਰਨੀਤ ਕੌਰ ’ਤੇ ਤਨਜ ਕਸਦਿਆਂ ਕਿਹਾ ਕਿ ਅੱਜ ਤੱਕ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਂਗਰਸ ਨੇ ਐਨਾ ਮਾਣ-ਸਨਮਾਨ ਦਿੱਤਾ ਅਤੇ ਹੁਣ ਉਹ ਕਿਸ ਮੂੰਹ ਨਾਲ ਭਾਜਪਾ ਲਈ ਵੋਟਾਂ ਮੰਗਣਗੇ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ’ਤੇ ਵਰ੍ਹਦਿਆਂ ਕਿਹਾ ਕਿ ਪਾਰਟੀ ਨੂੰ ਜਦ ਕੋਈ ਉਮੀਦਵਾਰ ਨਹੀਂ ਮਿਲਿਆ ਤਾਂ ਸ੍ਰੀ ਸ਼ਰਮਾ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਇਸ ਮੌਕੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਕੌਂਸਲਰਾਂ ਨਾਲ ਚਰਚਾ
ਲਾਲੜੂ (ਪੱਤਰ ਪ੍ਰੇਰਕ): ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਾਂਗਰਸੀ ਕੌਂਸਲਰ ਮਾਸਟਰ ਮੋਹਨ ਸਿੰਘ ਦੇ ਦਫ਼ਤਰ ਵਿਖੇ ਨਗਰ ਕੌਂਸਲ ਨਾਲ ਸਬੰਧਤ ਕਾਂਗਰਸੀ ਆਗੂਆਂ-ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਮੂਹ ਆਗੂਆਂ ਨੂੰ ਕਾਂਗਰਸ ਦੀ ਰੀੜ ਦੀ ਹੱਡੀ ਦੱਸਦਿਆਂ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ। ਅੱਜ ਦੀ ਇਸ ਮੀਟਿੰਗ ‘ਚ ਨਗਰ ਕੌਂਸਲ ਲਾਲੜੂ ਨਾਲ ਸਬੰਧਤ ਕਾਂਗਰਸੀ ਕੌਸਲਰ, ਵੱਖ-ਵੱਖ ਵਾਰਡਾਂ ਦੇ ਸੀਨੀਅਰ ਆਗੂ -ਬੀਬੀਆਂ ਤੇ ਨੌਜਵਾਨ ਹਾਜ਼ਰ ਸਨ।