ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਪ੍ਰੇਮਗੜ੍ਹ (ਸੈਣੀਮਾਜਰਾ) ਵਿਚਲੀ ਬਾਕੀ ਬਚਦੀ ਕਰੀਬ 12.5 ਏਕੜ ਜ਼ਮੀਨ ਕਥਿਤ ਤੌਰ ’ਤੇ ਵੇਚਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਪਿਛਲੇ ਦਿਨੀਂ ਐੱਸਜੀਪੀਸੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਅਤੇ ਇਲਾਕੇ ਦੀ ਸੰਗਤ ਨੇ ਜ਼ਮੀਨ ਵੇਚਣ ਦਾ ਮੁੱਦਾ ਚੁੱਕਿਆ ਸੀ। ਹਾਲਾਂਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ ਅਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਮੀਟਿੰਗ ਕਰਕੇ ਸਥਿਤੀ ਸਪੱਸ਼ਟ ਕਰਨ ਦਾ ਯਤਨ ਕੀਤਾ ਸੀ ਪਰ ਅੱਜ ਸਿੱਖ ਜਥੇਬੰਦੀ ਅਕਾਲ ਯੂਥ ਦੇ ਮੁਖੀ ਭਾਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਅੰਬ ਸਾਹਿਬ ਵਿੱਚ ਐੱਸਜੀਪੀਸੀ ਮੈਨੇਜਰ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਗੁਰੂਘਰ ਦੀ ਜ਼ਮੀਨ ਵੇਚਣ ਦੀ ਕਾਰਵਾਈ ਫੌਰੀ ਤੌਰ ’ਤੇ ਰੱਦ ਕੀਤੀ ਜਾਵੇ। ਸਿੱਖ ਮਸਲਿਆਂ ਦੀ ਪੈਰਵੀ ਕਰਨ ਵਾਲੇ ਹਾਈ ਕੋਰਟ ਦੇ ਵਕੀਲਾਂ ਨੇ ਵੀ ਧਰਨੇ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਅਕਾਲ ਯੂਥ ਦੇ ਮੁਖੀ ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਐੱਸਜੀਪੀਸੀ ਪਹਿਲਾਂ ਵੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚ ਚੁੱਕੀ ਹੈ ਅਤੇ ਹੁਣ ਫਿਰ ਬਾਕੀ ਬਚਦੀ ਜ਼ਮੀਨ ਨੂੰ ਵੇਚਣ ਦੇ ਰੌਂਅ ਵਿੱਚ ਹੈ। ਉਨ੍ਹਾਂ ਕਿਹਾ ਕਿ ਗੁਰੂਘਰ ਦੀ ਸਾਰੀ ਜ਼ਮੀਨ ਇੱਕ ਥਾਂ ਇਕੱਠੀ ਕਰਕੇ ਉੱਥੇ ਸਕੂਲ, ਕਾਲਜ ਜਾਂ ਹਸਪਤਾਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਗੁਰੂਘਰ ਦੀ ਜ਼ਮੀਨ ਵੇਚਣ ਨਹੀਂ ਦਿੱਤੀ ਜਾਵੇਗੀ ਅਤੇ ਜ਼ਮੀਨਾਂ ਬਚਾਉਣ ਲਈ ਕਾਨੂੰਨੀ ਚਾਰਾਜੋਈ ਲਈ ਸੀਨੀਅਰ ਵਕੀਲਾਂ ਦਾ ਪੈਨਲ ਬਣਾਇਆ ਜਾਵੇਗਾ।
ਇਸੇ ਦੌਰਾਨ ਬਾਪੂ ਗੁਰਚਰਨ ਸਿੰਘ ਨੇ ਮੰਗ ਕੀਤੀ ਕਿ ਗੁਰੂਘਰ ਦੀ ਜ਼ਮੀਨ ਵੇਚਣ ਦੀ ਥਾਂ ਹਸਪਤਾਲ, ਕਾਲਜ ਜਾਂ ਗੁਰਮਤਿ ਦੀ ਪਾਠਸ਼ਾਲਾ ਬਣਾਈ ਜਾਵੇ।
ਮੈਨੇਜਰ ਦੇ ਨੁਮਾਇੰਦੇ ਨੂੰ ਮੰਗ ਪੱਤਰ ਸੌਂਪਿਆ
ਐੱਸਜੀਪੀਸੀ ਦੇ ਮੈਨੇਜਰ ਰਜਿੰਦਰ ਸਿੰਘ ਟਿਵਾਣਾ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੇ ਨੁਮਾਇੰਦੇ ਨੇ ਸਿੱਖ ਆਗੂਆਂ ਤੋਂ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਮੰਗ ਪੱਤਰ ਐੱਸਜੀਪੀਸੀ ਦੇ ਪ੍ਰਧਾਨ ਤੇ ਹੋਰ ਉੱਚ ਅਧਿਕਾਰੀਆਂ ਕੋਲ ਪਹੁੰਚਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰੂਘਰ ਦੀ ਮਲੇਰਕੋਟਲਾ ਸਥਿਤ ਜ਼ਮੀਨ ਦਾ ਠੇਕਾ ਦੇਣ ਲਈ ਮੈਨੇਜਰ ਉੱਥੇ ਗਏ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਮੀਨ ਨੂੰ ਐਕੁਆਇਰ ਕਰਨ ਤੋਂ ਰੋਕਣ ਲਈ ਪੁੱਡਾ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।