ਪੱਤਰ ਪ੍ਰੇਰਕ
ਅਮਲੋਹ, 6 ਜਨਵਰੀ
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਨੇ ਅਮਲੋਹ ਸ਼ਹਿਰ ਲਈ 3 ਐੱਮ.ਐੱਲ.ਡੀ. ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਹ ਪੱਥਰ ਰੱਖਿਆ ਹੈ, ਜਿਸ ’ਤੇ 5.45 ਕਰੋੜ ਰੁਪਏ ਦੀ ਲਾਗਤ ਆਵੇਗੀ।
ਸ੍ਰੀ ਨਾਭਾ ਨੇ ਕਿਹਾ ਕਿ ਹਲਕਾ ਅਮਲੋਹ ਵਿੱਚ ਕਈ ਵਿਕਾਸ ਪ੍ਰਾਜੈਕਟ ਮੁਕੰਮਲ ਹੋਏ ਹਨ ਅਤੇ ਬਾਕੀ ਅਗਲੇ ਦਿਨਾਂ ਵਿੱਚ ਮੁਕੰਮਲ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਹੋਣ ਨਾਲ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ।ਇਹ ਪ੍ਰਾਜੈਕਟ 1 ਸਾਲ ਵਿੱਚ ਮੁਕੰਮਲ ਹੋ ਜਾਵੇਗਾ ਜਿਸ ਨਾਲ ਸ਼ਹਿਰ ਦੀ ਸੀਵਰੇਜ ਸਬੰਧੀ ਮੁਸ਼ਕਲ ਦੂਰ ਹੋਵੇਗੀ ਤੇ ਸਿੰਜਾਈ ਪਾਣੀ ਮਿਲਣ ’ਤੇ ਕਿਸਾਨਾਂ ਨੂੰ ਵੀ ਵੱਡੇ ਪੱਧਰ ’ਤੇ ਫਾਇਦਾ ਹੋਵੇਗਾ। ਬਾਅਦ ਵਿੱਚ ਇੱਕ ਹੋਰ ਸਮਾਗਮ ਦੌਰਾਨ ਉਨ੍ਹਾਂ ਦੇਸ਼ ਭਗਤ ਯੂਨੀਵਰਸਿਟੀ ਨੂੰ ਓਵਰਬ੍ਰਿਜ ਲਈ 18 ਲੱਖ ਗਰਾਂਟ ਦਾ ਪੱਤਰ ਵੀ ਦਿੱਤਾ, ਜੋ ਯੂਨੀਵਰਸਿਟੀ ਵਲੋਂ ਰਜਿਸਟਰਾਰ ਡਾ. ਕੁਲਭੂਸ਼ਨ ਨੇ ਪ੍ਰਾਪਤ ਕੀਤਾ।