ਕਰਮਜੀਤ ਸਿੰਘ ਚਿੱਲਾ
ਬਨੂੜ, 10 ਨਵੰਬਰ
ਪਿੰਡ ਅਜ਼ੀਜ਼ਪੁਰ ਦੇ ਟੌਲ ਪਲਾਜ਼ਾ ’ਤੇ ਪਿਛਲੇ ਤੀਹ ਦਿਨਾਂ ਤੋਂ ਚੱਲ ਰਹੇ ਕਿਸਾਨੀ ਧਰਨੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੀ ਮੁਹਾਲੀ ਤਹਿਸੀਲ ਦੀ ਚੋਣ ਕੀਤੀ ਗਈ। ਯੂਨੀਅਨ ਦੇ ਸੂਬਾਈ ਆਗੂਆਂ ਮਨੀ ਸਿੰਘ ਰਾਜਪੁਰਾ ਅਤੇ ਹਰਜੀਤ ਸਿੰਘ ਟਹਿਲਪੁਰਾ ਦੀ ਦੇਖ-ਰੇਖ ਅਤੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਤੇ ਗਿਆਨ ਸਿੰਘ ਧੜਾਕ ਦੀ ਅਗਵਾਈ ਹੇਠ ਹੋਈ, ਚੋਣ ’ਚ ਟੌਲ ਪਲਾਜ਼ਾ ’ਤੇ ਲੱਗੇ ਧਰਨੇ ਵਿੱਚ ਸਰਗਰਮੀ ਨਾਲ ਸੇਵਾਵਾਂ ਨਿਭਾ ਰਹੇ ਲਖਵਿੰਦਰ ਸਿੰਘ ਕਰਾਲਾ ਨੂੰ ਤਹਿਸੀਲ ਪ੍ਰਧਾਨ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ਵਿੱਚ ਗੁਰਪ੍ਰੀਤ ਸਿੰਘ ਸਰਪੰਚ ਖਾਨਪੁਰ ਬੰਗਰ ਨੂੰ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਤੇ ਮਾਸਟਰ ਕੁਲਦੀਪ ਸਿੰਘ ਕੁਰੜੀ ਨੂੰ ਮੀਤ ਪ੍ਰਧਾਨ, ਰਾਵਲਜੀਤ ਸਿੰਘ ਨੂੰ ਜਨਰਲ ਸਕੱਤਰ, ਗੁਰਜੰਟ ਸਿੰਘ ਬੜ੍ਹੀ ਨੂੰ ਖ਼ਜ਼ਾਨਚੀ ਅਤੇ ਮੁਖਤਿਆਰ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਕਿਸਾਨ ਸਭਾ ਦੇ ਸੂਬਾਈ ਆਗੂ ਧਰਮਪਾਲ ਸਿੰਘ ਸੀਲ੍ਹ, ਗੁਰਦਰਸ਼ਨ ਸਿੰਘ ਖਾਸਪੁਰ ਤੇ ਹੋਰਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ 26 ਅਤੇ 27 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਜਾਣ ਦਾ ਅਹਿਦ ਲਿਆ। ਪਿੰਡ ਜਲਾਲਪੁਰ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 28ਵੇਂ ਦਿਨ ਵੀ ਜਾਰੀ ਰਿਹਾ।
ਚਮਕੌਰ ਸਾਹਿਬ (ਸੰਜੀਵ ਬੱਬੀ): ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਮਾਲਪੁਰ ਟੌਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਅੱਜ 28ਵੇਂ ਦਿਨ ਵੀ ਜਿਥੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਕਾਰਪੋਰੇਟ ਘਰਾਣਿਆਂ ਵਿਰੁੱਧ ਵੀ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਗੜ੍ਹੀ, ਸਹਾਰਾ ਸੇਵਾ ਸੁਸਾਇਟੀ ਚਮਕੌਰ ਸਾਹਿਬ ਦੇ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਗੁਰਦੇਵ ਸਿੰਘ, ਦਰਸ਼ਨ ਸਿੰਘ ਝੱਲੀਆਂ ਅਤੇ ਛੋਟਾ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਹਨ, ਇਨ੍ਹਾਂ ਕਾਨੂੰਨਾਂ ਕਾਰਨ ਕਿਸਾਨ ਤਬਾਹ ਹੋ ਜਾਵੇਗਾ।
ਸਮਾਜ ਸੇਵੀ ਸੰਸਥਾ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ
ਕੁਰਾਲੀ (ਮਿਹਰ ਸਿੰਘ): ਫਾਈਟ ਫ਼ਾਰ ਹਿਊਮਨ ਰਾਈਟਸ ਵੈੱਲਫੇਅਰ ਸੁਸਾਇਟੀ ਵੱਲੋਂ ਬੜੌਦੀ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨ ਧਰਨੇ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਸਥਾ ਨੇ ਕਿਸਾਨ ਸੰਘਰਸ਼ ਨੂੰ ਪੂਰਨ ਹਮਾਇਤ ਦਾ ਐਲਾਨ ਕੀਤਾ। ਇੱਕ ਦਰਜਨ ਮੈਂਬਰਾਂ ਸਮੇਤ ਪੁੱਜੇ ਸੰਸਥਾ ਆਗੂ ਕੁਲਦੀਪ ਸਿੰਘ ਭਿੰਡਰ ਤੇ ਜਸਵੀਰ ਸਿੰਘ ਨਵਾਂ ਗਰਾਉਂ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦਾ ਕਾਰੋਬਾਰ ਖੇਤੀ ’ਤੇ ਆਧਾਰਿਤ ਹੀ ਹੈ। ਇਸ ਲਈ ਉਨ੍ਹਾਂ ਦੇ ਹਿੱਤ ਕਿਸਾਨਾਂ ਨਾਲ ਜੁੜੇ ਹੋਏ ਹਨ। ਧਰਨੇ ਦੀ ਅਗਵਾਈ ਕਰ ਰਹੇ ਲੋਕ ਹਿੱਤ ਮਿਸ਼ਨ ਦੇ ਆਗੂਆਂ ਨੇ ਸੰਸਥਾ ਆਗੂਆਂ ਦਾ ਧੰਨਵਾਦ ਕੀਤਾ।