ਕਰਮਜੀਤ ਸਿੰਘ ਚਿੱਲਾ
ਬਨੂੜ, 16 ਅਕਤੂਬਰ
ਖੇਤੀਬਾੜੀ ਸਹਿਕਾਰੀ ਸਭਾਵਾਂ ਡੀਏਪੀ ਖਾਦ ਦੀ ਘਾਟ ਨਾਲ ਜੂਝ ਰਹੀਆਂ ਹਨ। ਇਨ੍ਹੀ ਦਿਨੀਂ ਆਲੂਆਂ ਦੀ ਬਿਜਾਈ ਚੱਲ ਰਹੀ ਹੈ ਅਤੇ ਦੋ ਹਫ਼ਤੇ ਤੱਕ ਕਣਕ ਦੀ ਬਿਜਾਈ ਆਰੰਭ ਹੋ ਜਾਣੀ ਹੈ। ਦੋਵੇਂ ਫ਼ਸਲਾਂ ਦੀ ਬਿਜਾਈ ਵੇਲੇ ਡੀਏਪੀ ਖਾਦ ਦੀ ਲੋੜ ਹੁੰਦੀ ਹੈ ਪਰ ਬਨੂੜ ਖੇਤਰ ਦੀਆਂ ਸੁਸਾਇਟੀਆਂ ਡੀਏਪੀ ਖਾਦ ਤੋਂ ਸੱਖਣੀਆਂ ਹਨ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ। ਖਾਦ ਨਾ ਹੋਣ ਕਾਰਨ ਸੁਸਾਇਟੀਆਂ ਦੀ ਕਰਜ਼ਾ ਵਸੂਲੀ ’ਤੇ ਵੀ ਬੁਰਾ ਅਸਰ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਖੇਤਰ ਦੀਆਂ ਬਨੂੜ, ਹੁਲਕਾ, ਦੇਵੀਨਗਰ (ਅਬਰਾਵਾਂ), ਗੀਗੇਮਾਜਰਾ, ਭਾਗੋਮਾਜਰਾ, ਸਨੇਟਾ ਤੇ ਮਨੌਲੀ ਸਮੇਤ ਹੋਰਨਾਂ ਕਈ ਸਭਾਵਾਂ ਵਿੱਚ ਹਾਲੇ ਤੱਕ ਡੀਏਪੀ ਖਾਦ ਦਾ ਇੱਕ ਥੈਲਾ ਨਹੀਂ ਪਹੁੰਚਿਆ ਹੈ। ਸਨੇਟਾ ਵਿੱਚ ਪਿਛਲੇ ਇੱਕ ਸਾਲ ਤੋਂ ਡੇਈਪੀ ਖਾਦ ਨਹੀਂ ਆਈ। ਇਨ੍ਹਾਂ ਸਾਰੀਆਂ ਸਭਾਵਾਂ ਵੱਲੋਂ ਛੇ ਮਹੀਨੇ ਪਹਿਲਾਂ ਆਪਣੀ ਡਿਮਾਂਡ ਮਾਰਕਫੈੱਡ ਨੂੰ ਭੇਜੀ ਜਾ ਚੁੱਕੀ ਹੈ। ਸਭਾਵਾਂ ਵੱਲੋਂ 50 ਟਨ ਤੋਂ ਲੈ ਕੇ 100 ਟਨ ਤੱਕ ਡੀਏਪੀ ਖਾਦ ਦੀ ਮੰਗ ਕੀਤੀ ਗਈ ਹੈ ਪਰ ਖਾਦ ਨਹੀਂ ਪਹੁੰਚੀ। ਸੁਸਾਇਟੀਆਂ ਦੇ ਸਕੱਤਰਾਂ ਨੇ ਦੱਸਿਆ ਕਿ ਪਹਿਲਾਂ ਯੂਰੀਆ ਖਾਦ ਦਾ ਵੀ ਇਹੀ ਹਾਲ ਰਿਹਾ ਹੈ ਤੇ ਇਫ਼ਕੋ ਵਾਲੇ ਯੂਰੀਆ ਖਾਦ ਦੇ ਨਾਲ ਸੁਸਾਇਟੀਆਂ ਨੂੰ ਮੈਗਨੀਜ਼ ਤੇ ਹੋਰ ਵਸਤਾਂ ਲੈਣ ਲਈ ਵੀ ਮਜਬੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਆਲੂਆਂ ਦੀ ਬਿਜਾਈ ਲਈ ਵੱਡੀ ਮਾਤਰਾ ਵਿੱਚ ਡੀਏਪੀ ਦੀ ਲੋੜ ਪੈਂਦੀ ਹੈ ਅਤੇ ਸੁਸਾਇਟੀਆਂ ਵਿੱਚ ਖਾਦ ਨਾ ਹੋਣ ਕਾਰਨ ਕਿਸਾਨ ਪ੍ਰਾਈਵੇਟ ਦੁਕਾਨਦਾਰਾਂ ਤੋਂ ਖਾਦ ਖਰੀਦ ਰਹੇ ਹਨ। ਇਸ ਕਾਰਨ ਉਹ ਸੁਸਾਇਟੀਆਂ ਦਾ ਕਰਜ਼ਾ ਵੀ ਨਹੀਂ ਮੋੜ ਰਹੇ। ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਦੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਹੁਲਕਾ ਨੇ ਆਖਿਆ ਕਿ ਡੀਏਪੀ ਖਾਦ ਨਾ ਭੇਜੇ ਜਾਣ ਕਾਰਨ ਸਹਿਕਾਰੀ ਸਭਾਵਾਂ ਨੂੰ ਵੱਡਾ ਵਿੱਤੀ ਘਾਟਾ ਪੈ ਰਿਹਾ ਹੈ। ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ ਨੇ ਦੋਸ਼ ਲਾਇਆ ਕਿ ਸਰਕਾਰ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਬੰਦ ਕਰਨਾ ਚਾਹੁੰਦੀ ਹੈ।
ਪਿੱਛੋਂ ਨਹੀਂ ਆ ਰਹੀ ਡੀਏਪੀ ਖਾਦ ਦੀ ਸਪਲਾਈ: ਐੱਫਐੱਸਓ
ਮਾਰਕਫੈੱਡ ਦੇ ਮੁਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਐੱਫਐੱਸਓ ਸੰਦੀਪ ਕੁਮਾਰ ਨੇ ਦੱਸਿਆ ਕਿ ਡੀਏਪੀ ਖਾਦ ਦੀ ਪਿੱਛੋਂ ਸਪਲਾਈ ਘੱਟ ਆ ਰਹੀ ਹੈ ਜਿਸ ਕਾਰਨ ਇਹ ਦਿੱਕਤ ਆਈ ਹੈ। ਉਨ੍ਹਾਂ ਕਿਹਾ ਕਿ ਚਾਲੂ ਸੀਜ਼ਨ ਲਈ ਮੁਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਲਈ 6500 ਤੋਂ 7000 ਐੱਮਟੀ ਡੀਏਪੀ ਖਾਦ ਦੀ ਲੋੜ ਹੈ ਤੇ ਹਾਲੇ ਤੱਕ ਸਿਰਫ਼ 2000 ਐੱਮਟੀ ਖਾਦ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਦੋ ਰੈਕ ਡੀਏਪੀ ਦੇ ਆ ਰਹੇ ਹਨ, ਜਿਸ ਮਗਰੋਂ ਸਾਰੀਆਂ ਸੁਸਾਇਟੀਆਂ ਵਿੱਚ ਖਾਦ ਪਹੁੰਚਾਈ ਜਾਵੇਗੀ।