ਮੁਕੇਸ਼ ਕੁਮਾਰ
ਚੰਡੀਗੜ੍ਹ, 14 ਸਤੰਬਰ
ਸ਼ਹਿਰ ਵਿੱਚ ਚੌਵੀ ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਇੱਕ ਮਹੱਤਵਪੂਰਨ ਪ੍ਰਾਜੈਕਟ ਬਾਰੇ ਆਰਥਿਕ ਮਾਮਲਿਆਂ ਦੇ ਵਿਭਾਗ ਅਤੇ ਏਜੰਸੀ ਫਰੈਂਕਾਈਜ਼ ਡਿਵੈਲਪਮੈਂਟ (ਏਐਫਡੀ) ਵਿਚਕਾਰ ਅੱਜ ਨਵੀਂ ਦਿੱਲੀ ਵਿੱਚ ਕ੍ਰੈਡਿਟ ਫੈਸਿਲਿਟੀ ਐਗਰੀਮੈਂਟ (ਸੀਐਫਏ) ’ਤੇ ਹਸਤਾਖਰ ਕੀਤੇ ਗਏ। ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ, ਚੰਡੀਗੜ੍ਹ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਨੰਦਿੱਤਾ ਮਿੱਤਰਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਪਿੱਛੇ ਮੁੱਖ ਉਦੇਸ਼ ਚੰਡੀਗੜ੍ਹ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸਥਿਤੀ ਦੀ ਸਮੇਂ-ਸਮੇਂ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗਾਂ ਕਰਦੇ ਰਹਿੰਦੇ ਹਨ। ਜਦੋਂ ਸ਼ਹਿਰ ਵਿੱਚ ਚੌਵੀ ਘੰਟੇ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ ਤਾਂ ਸ਼ਹਿਰ ਵਿੱਚ ਘੱਟੋ-ਘੱਟ 2050 ਤੱਕ ਲੋੜੀਂਦੀ ਪਾਣੀ ਦੀ ਸਪਲਾਈ ਹੋਵੇਗੀ ਅਤੇ ਖਪਤਕਾਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਚੌਵੀ ਘੰਟੇ ਪਾਣੀ ਦੀ ਸਪਲਾਈ ਮਿਲੇਗੀ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੀ ਨਿਗਰਾਨੀ ਸੁਪਰਵਾਈਜ਼ਰੀ ਕੰਟਰੋਲ ਐਂਡ ਡੇਟਾ ਐਕਵਿਜੀਸ਼ਨ (ਸਕਾਡਾ) ਸਿਸਟਮ ਰਾਹੀਂ ਕੀਤੀ ਜਾਵੇਗੀ। ਕਰਮਚਾਰੀ ਚੌਵੀ ਘੰਟੇ ਪਾਣੀ ਦੀ ਸਪਲਾਈ ਦੇ ਪੂਰੇ ਨੈੱਟਵਰਕ ’ਤੇ ਨਜ਼ਰ ਰੱਖਣਗੇ। ਉਨ੍ਹਾਂ ਦੱਸਿਆ ਕਿ ਘਰਾਂ ਦੀ ਅੰਦਰੂਨੀ ਪਾਣੀ ਦੀ ਸਪਲਾਈ ਲਾਈਨ ਨੂੰ ਮੌਜੂਦਾ ਸਿਸਟਮ ਦੀ ਬਜਾਇ ਨਗਰ ਨਿਗਮ ਵੱਲੋਂ ਖੁਦ ਬਦਲਿਆ ਜਾਵੇਗਾ। ਨਗਰ ਨਿਗਮ ਵੱਲੋਂ ਪੰਪਿੰਗ ਦੇ ਰਵਾਇਤੀ ਢੰਗ ਨੂੰ ਵੀ ਬਦਲਿਆ ਜਾਵੇਗਾ ਜਿਸ ਤਹਿਤ ਆਟੋਮੈਟਿਕ ਸਿਸਟਮ ਵਿੱਚ ਮੰਗ ਅਨੁਸਾਰ ਪੰਪਿੰਗ ਕੀਤੀ ਜਾਵੇਗੀ, ਜਿਸ ਨਾਲ ਪਾਣੀ ਦੀ ਬਚਤ ਹੋਵੇਗੀ।