ਟ੍ਰਿਬਿਊਨ ਨਿਊਜ਼ ਸਰਵਿਸ/ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 24 ਸਤੰਬਰ
ਯੂਟੀ ਪ੍ਰਸ਼ਾਸਨ ਨੇ ਮਹਾਰਾਜਾ ਅਗਰਸੈਨ ਜਯੰਤੀ ਦੇ ਸਬੰਧ ਵਿੱਚ 26 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਦਿਨ ਸ਼ਹਿਰ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਹ ਆਦੇਸ਼ ਯੂਟੀ ਦੇ ਗ੍ਰਹਿ ਸਕੱਤਰ ਨਿਤੀਨ ਕੁਮਾਰ ਯਾਦਵ ਨੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ 26 ਸਤੰਬਰ ਨੂੰ ਯੂਟੀ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ, ਇੰਸਟੀਟਿਊਸ਼ਨ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।
ਪ੍ਰਸ਼ਾਸਨ ਦੇ ਵਾਹਨ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਨੇ ਇਸ ਛੁੱਟੀ ਦੇ ਮੱਦੇਨਜ਼ਰ ਵਾਹਨ ਰਜਿਸਟਰੇਸ਼ਨ ਅਤੇ ਲਾਇਸੈਂਸ ਆਦਿ ਦੇ ਕਾਰਜਾਂ ਸਬੰਧੀ ਫਾਈਲਾਂ ਜਮ੍ਹਾਂ ਕਰਵਾਉਣ ਅਤੇ ਸੈਕਟਰ-23 ਦੇ ਟਰੈਫਿਕ ਪਾਰਕ ਵਿੱਚ ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਲਈ 26 ਸਤੰਬਰ ਲਈ ਬੁੱਕ ਕੀਤੀਆਂ ਗਈਆਂ ਅਪਾਇੰਟਮੈਂਟ ਅੱਗੇ ਪਾ ਦਿੱਤੀਆਂ ਹਨ। ਆਰਐਲਏ ਨੇ ਅੰਗਰੇਜ਼ੀ ਭਾਸ਼ਾ ਦੀ ਵਰਣਮਾਲਾ ਅਨੁਸਾਰ ਬਿਨੈਕਾਰਾਂ ਦੇ ਨਾਮ ਦੇ ਪਹਿਲੇ ਅੱਖਰ ਅਨੁਸਾਰ ਇਨ੍ਹਾਂ ਅਪਾਇੰਟਮੈਂਟਾਂ ਨੂੰ ਵੰਡ ਕੇ 27 ਸਤੰਬਰ ਤੋਂ ਲੈ ਕੇ ਤਿੰਨ ਅਕਤੂਬਰ ਤੱਕ ਅੱਗੇ ਪਾ ਦਿੱਤਾ ਗਿਆ ਹੈ। ਆਰਐਲਏ ਅਨੁਸਾਰ ਵਰਣਮਾਲਾ ਦੇ ਅੱਖਰ ‘ਏ’ ਤੋਂ ‘ਸੀ’ ਤੱਕ ਨਾਵਾਂ ਦੀ ਅਪਾਇੰਟਮੈਂਟ 27 ਸਤੰਬਰ, ‘ਡੀ’ ਤੋਂ ‘ਜੇ’ ਦੀ 28 ਨੂੰ, ‘ਕੇ’ ਤੋਂ ‘ਓ’ ਤਕ 29 ਨੂੰ, ‘ਪੀ’ ਤੋਂ ‘ਆਰ’ ਤਕ 30 ਅਤੇ ‘ਐਸ’ ਤੋਂ ‘ਜ਼ੈਡ’ ਵਾਲੇ ਨਾਂ ਵਾਲੇ ਵਿਅਕਤੀ ਤਿੰਨ ਅਕਤੂਬਰ ਨੂੰ ਦਫ਼ਤਰ ਪੁੱਜ ਕੇ ਕਰਵਾ ਸਕਦੇ ਹਨ। ਚੰਡੀਗੜ੍ਹ ਦੇ ਆਰਐਲਏ ਅਧਿਕਾਰੀ ਪਰਦੂਮਨ ਸਿੰਘ ਨੇ ਦੱਸਿਆ ਕਿ ਆਰਐਲਏ ਵਲੋਂ ਜਾਰੀ ਸੂਚੀ ਤੋਂ ਇਲਾਵਾ ਕਿਸੇ ਵੀ ਬਿਨੈਕਾਰ ਨੂੰ ਹੋਰ ਕਿਸੇ ਵੀ ਦਿਨ ਅਟੈਂਡ ਨਹੀਂ ਕੀਤਾ ਜਾਵੇਗਾ।