ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਅਪਰੈਲ
ਯੂਟੀ ਦੇ ਉਚ ਸਿੱਖਿਆ ਵਿਭਾਗ ਨੇ ਸਰਕਾਰੀ ਕਾਲਜ ਸੈਕਟਰ-46 ਦੇ ਦੋ ਲੈਕਚਰਾਰਾਂ ਨਾਲ ਮਾੜੀ ਗੁਜ਼ਾਰੀ ਹੈ, ਵਿਭਾਗ ਨੇ ਸੱਤ ਮਹੀਨੇ ਕੰਮ ਲੈਣ ਤੋਂ ਬਾਅਦ ਇਨ੍ਹਾਂ ਲੈਕਚਰਾਰਾਂ ਨੂੰ ਬਿਨਾਂ ਤਨਖਾਹਾਂ ਤੋਂ ਹੀ ਘਰ ਤੋਰ ਦਿੱਤਾ ਹੈ। ਦੂਜੇ ਪਾਸੇ ਸ਼ਹਿਰ ਦੇ ਕਾਲਜਾਂ ਵਿੱਚ ਆਰਜ਼ੀ ਲੈਕਚਰਾਰਾਂ ’ਤੇ ਵੀ ਨੌਕਰੀ ਖੁੱਸਣ ਦੀ ਤਲਵਾਰ ਲਟਕ ਗਈ ਹੈ। ਇਸ ਤੋਂ ਇਲਾਵਾ ਦੋ ਸਰਕਾਰੀ ਕਾਲਜਾਂ ਦੇ ਲੈਕਚਰਾਰਾਂ ਨੂੰ ਵੀ ਪਿਛਲੇ ਸੱਤ ਮਹੀਨੇ ਤੋਂ ਤਨਖਾਹ ਜਾਰੀ ਨਹੀਂ ਕੀਤੀ ਜਾ ਰਹੀ। ਇਨ੍ਹਾਂ ਲੈਕਚਰਾਰਾਂ ਨੂੰ ਤਨਖਾਹ ਦਿਵਾਉਣ ਦੀ ਥਾਂ ਪ੍ਰਿੰਸੀਪਲ ਵੀ ਹੱਥ ’ਤੇ ਹੱਥ ਧਰ ਕੇ ਬੈਠ ਗਏ ਹਨ ਜਿਸ ਕਾਰਨ ਲੈਕਚਰਾਰਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਉਚ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕਾਲਜ ਸੈਕਟਰ-46 ਤੇ 50 ਵਿੱਚ ਸੁਸਾਇਟੀ ਰਾਹੀਂ 30 ਦੇ ਕਰੀਬ ਆਰਜ਼ੀ ਲੈਕਚਰਾਰ ਸਤੰਬਰ 2020 ਵਿੱਚ ਰੱਖੇ ਸਨ। ਇਨ੍ਹਾਂ ਲੈਕਚਰਾਰਾਂ ਨੂੰ ਵਿਭਾਗ ਨੇ ਜੁਆਇਨ ਵੀ ਕਰਵਾ ਲਿਆ ਤੇ ਸੱਤ ਮਹੀਨੇ ਆਨਲਾਈਨ ਪੜ੍ਹਾਈ ਲਈ ਵੀ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਪਰ ਸੱਤ ਮਹੀਨਿਆਂ ਦੀ ਤਨਖਾਹ ਜਾਰੀ ਨਹੀਂ ਕੀਤੀ। ਸਰਕਾਰੀ ਕਾਲਜ ਸੈਕਟਰ-50 ਦੇ ਇਕ ਲੈਕਚਰਾਰ ਨੇ ਦੱਸਿਆ ਕਿ ਉਸ ਦੇ ਪਤੀ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ ਜਿਨ੍ਹਾਂ ਦੀ ਕਰੋਨਾ ਕਾਲ ਤੋਂ ਹੁਣ ਤਕ ਤਨਖਾਹ ਵਿੱਚ 40 ਫੀਸਦੀ ਕਟੌਤੀ ਕੀਤੀ ਗਈ ਹੈ ਤੇ ਉਸ ਨੇ ਇਸ ਆਸ ਨਾਲ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਸ਼ੁਰੂ ਕੀਤੀ ਸੀ ਕਿ ਘਰ ਦੇ ਖਰਚੇ ਸੌਖੇ ਚਲ ਜਾਣਗੇ ਪਰ ਉਚ ਸਿੱਖਿਆ ਵਿਭਾਗ ਨੇ ਉਨ੍ਹਾਂ ਦੀ ਨੌਕਰੀ ’ਤੇ ਰੱਖਣ ਤੋਂ ਬਾਅਦ ਇਕ ਮਹੀਨੇ ਦੀ ਵੀ ਤਨਖਾਹ ਨਹੀਂ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਹੋਰ ਲੈਕਚਰਾਰ ਨੇ ਦੱਸਿਆ ਕਿ ਉਨ੍ਹਾਂ ਨੂੰ 25 ਹਜ਼ਾਰ ਰੁਪਏ ਮਹੀਨਾ ਨੌਕਰੀ ’ਤੇ ਰੱਖਿਆ ਸੀ ਪਰ ਹਾਲੇ ਤਕ ਤਨਖਾਹ ਨਹੀਂ ਦਿੱਤੀ, ਉਹ ਕਈ ਵਾਰ ਪ੍ਰਿੰਸੀਪਲ ਨੂੰ ਇਸ ਸਮੱਸਿਆ ਬਾਰੇ ਦੱਸ ਚੁੱਕੇ ਹਨ ਪਰ ਹਾਲੇ ਤਕ ਤਨਖਾਹ ਜਾਰੀ ਨਹੀਂ ਹੋਈ।
ਸਰਕਾਰੀ ਕਾਲਜ-11 ਵਿੱਚ ਨਹੀਂ ਹੋਈ ਤਾਇਨਾਤੀ
ਸਰਕਾਰੀ ਕਾਲਜ ਸੈਕਟਰ-11 ਵਿੱਚ ਪਿਛਲੇ ਸਾਲ ਆਰਜ਼ੀ ਲੈਕਚਰਾਰ ਨਹੀਂ ਰੱਖੇ ਗਏ ਜਦਕਿ ਇਸ ਕਾਲਜ ਵਿੱਚ ਵੱਡੀ ਗਿਣਤੀ ਲੈਕਚਰਾਰਾਂ ਦੀ ਘਾਟ ਹੈ। ਇਸ ਕਾਲਜ ਦੇ ਪ੍ਰਿੰਸੀਪਲ ਰਮਾ ਅਰੋੜਾ ਦੀ ਸੇਵਾਮੁਕਤੀ ਤੋਂ ਬਾਅਦ ਇਕ ਮਹੀਨਾ ਕਾਲਜ ਵਿੱਚ ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨ ਤਾਇਨਾਤ ਰਹੇ ਤੇ ਨਵੇਂ ਪ੍ਰਿੰਸੀਪਲ ਡਾ. ਸੰਗਮ ਦੀ ਕਾਲਜ ਵਿੱਚ ਨਿਯੁਕਤੀ ਹੋਈ। ਇਸ ਤੋਂ ਬਾਅਦ ਕਾਲਜ ਵਿੱਚ ਕੋਈ ਆਰਜ਼ੀ ਲੈਕਚਰਾਰ ਤਾਇਨਾਤ ਨਹੀਂ ਕੀਤਾ ਗਿਆ। ਉਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਹ ਲੈਕਚਰਾਰਾਂ ਨੂੰ ਤਨਖਾਹ ਜਾਰੀ ਕਰਵਾਉਣ ਲਈ ਯਤਨ ਕਰ ਰਹੇ ਹਨ ਪਰ ਕੋਈ ਤਕਨੀਕੀ ਸਮੱਸਿਆ ਆਈ ਹੈ ਜਿਸ ਨੂੰ ਜਲਦੀ ਦੂਰ ਕਰ ਕੇ ਤਨਖਾਹ ਜਾਰੀ ਕਰਵਾਈ ਜਾਵੇਗੀ।