ਪੱਤਰ ਪ੍ਰੇਰਕ
ਕੁਰਾਲੀ, 27 ਜੂਨ
ਸੰਗਰੂਰ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਨੇੜਲੇ ਪਿੰਡ ਬੂਥਗੜ੍ਹ ਵਿੱਚ ‘ਆਪ’ ਅਤੇ ਮਾਨ ਸਮਰਥਕ ਆਪਸ ਵਿੱਚ ਭਿੜ ਗਏ। ਦੋਵੇਂ ਧਿਰਾਂ ਨੇ ਇੱਕ ਦੂਜੇ ਖ਼ਿਲਾਫ਼ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ ਜਦੋਂਕਿ ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਬੂਥਗੜ੍ਹ ਦੇ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਕੇਸਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਕਰੀਬ 10 ਵਜੇ ਪਿੰਡ ਦੇ ਹੀ 10-15 ਬੰਦਿਆਂ ਨੇ ਅਚਾਨਕ ਹੀ ਉਨ੍ਹਾਂ ਦੇ ਘਰ ’ਤੇ ਧਾਵਾ ਬੋਲ ਦਿੱਤਾ। ਉਸਨੇ ਦੱਸਿਆ ਕਿ ਟਰਾਲੀ ’ਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਅੱਗੇ ਆ ਕੇ ਪਹਿਲਾਂ ਲਲਕਾਰੇ ਮਾਰੇ ਗਏ ਅਤੇ ਫਿਰ ਘਰ ਉੱਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਇੱਟਾਂ ਪੱਥਰਾਂ ਨਾਲ ਹਮਲਾ ਕੀਤਾ ਗਿਆ। ਉਸਨੇ ਦੱਸਿਆ ਕਿ ਜਦੋਂ ਉਹ ਰੌਲਾ ਸੁਣ ਕੇ ਬਾਹਰ ਨਿੱਕਲੇ ਤਾਂ ਨਸ਼ੇ ਦੀ ਹਾਲਤ ਵਿੱਚ ਇਨ੍ਹਾਂ ਵਿਅਕਤੀਆਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੁਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਤੇ ਬਜ਼ੁਰਗ ਮਾਤਾ ਜ਼ਖ਼ਮੀ ਹੋ ਗਏ। ਇਸ ਲੜਾਈ ਵਿੱਚ ਜ਼ਖ਼ਮੀ ਹੋਏ ਦੂਜੀ ਧਿਰ ਨਾਲ ਸਬੰਧਤ ਨੌਜਵਾਨ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਜਸ਼ਨ ਮਨਾਉਣ ਉਪਰੰਤ ਸੜਕ ’ਤੇ ਜਾ ਰਹੇ ਸਨ ਕਿ ਦੂਜੀ ਧਿਰ ਦੇ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਰੋੜੇ ਮਾਰਨ ਦਾ ਕਹਿ ਕੇ ਕੁੱਟਮਾਰ ਕਰ ਦਿੱਤੀ। ਉਸਨੇ ਦੱਸਿਆ ਕਿ ਇਸ ਹਮਲੇ ਵਿੱਚ ਉਹ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਾਤਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਥਾਣਾ ਮਾਜਰੀ ਦੇ ਐੱਸਐੱਓ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਝਗੜੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੇ ਪੱਖ ਸੁਣਨ ਅਤੇ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਿੱਧੂ ਮੂਸੇਵਾਲਾ ਦੇ ਗਾਣੇ ਨੂੰ ਯੂਟਿਊਬ ਤੋਂ ਹਟਾਉਣ ਦਾ ਵਿਰੋਧ
ਬਨੂੜ (ਪੱਤਰ ਪ੍ਰੇਰਕ) ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿਚ ਅੱਜ ਇਸ ਖੇਤਰ ਦੇ ਪਿੰਡਾਂ ਦੇ ਨੌਜਵਾਨਾਂ ਨੇ ਬੰਨੋ ਮਾਈ ਚੌਕ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਉਨ੍ਹਾਂ ਸਵਰਗੀ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸਿੱਧੂ ਮੂਸੇ ਵਾਲਾ ਦਾ ਐਸਵਾਈਐਲ ਗਾਣਾ ਯੂ-ਟਿਊਬ ਤੋਂ ਹਟਾਏ ਜਾਣ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਗਾਣਾ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਗਈ। ਹਰਜਿੰਦਰ ਸਿੰਘ ਮੁਠਿਆੜਾ, ਰਾਜਾ ਧਰਮਗੜ੍ਹ, ਗੁਰਤੇਜ ਸਿੰਘ, ਭੁਪਿੰਦਰ ਸਿੰਘ, ਜਸਵੀਰ ਖਲੌਰ, ਹਰਵਿੰਦਰ ਸਿੰਘ, ਕਰਮਜੀਤ ਸਿੰਘ, ਜੱਸ ਖਾਲਸਾ, ਨਵਜੋਤ ਸਿੰਘ ਬਨੂੜ, ਜਸਵੰਤ ਸਿੰਘ ਕਾਕਾ, ਪ੍ਰਭਜੋਤ ਸਿੰਘ, ਜਤਿੰਦਰ ਸਿੰਘ ਮੁਠਿਆੜਾਂ , ਇੰਦਰਜੀਤ ਸਿੰਘ ਮੁਠਿਆੜਾ ਨੇ ਇਸ ਮੌਕੇ ਸੰਗਰੂਰ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਵੋਟਰਾਂ ਨੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਸੱਚੀ ਸਰਧਾਂਜਲੀ ਦਿੱਤੀ ਹੈ। ਇਲਾਕੇ ਦੇ ਹੋਰਨਾਂ ਕਈ ਪਿੰਡਾਂ ਵਿੱਚ ਵੀ ਸ੍ਰੀ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।