ਪੱਤਰ ਪ੍ਰੇਰਕ
ਬਨੂੜ, 20 ਅਪਰੈਲ
ਪਿੰਡ ਮਮੌਲੀ ਵਿੱਚ ਬੀਤੇ ਦਿਨੀਂ ਇਕ ਚੱਲਦੀ ਸਕੂਲੀ ਬੱਸ ਵਿੱਚੋਂ ਸਾਢੇ ਤਿੰਨ ਸਾਲ ਦੀ ਬੱਚੀ ਦੇ ਡਿੱਗਣ ਦੀ ਘਟਨਾ ਵਾਪਰਨ ਮਗਰੋਂ ਬਨੂੜ ਦੀ ਟਰੈਫ਼ਿਕ ਪੁਲੀਸ ਦੀ ਜਾਗ ਖੁੱਲ੍ਹ ਗਈ ਹੈ। ਪੁਲੀਸ ਨੇ ਅੱਜ ਵਿਸ਼ੇਸ਼ ਨਾਕਾ ਲਗਾ ਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਅਤੇ ਬਿਨਾ ਹੈਲਪਰ ਵਾਲੀ ਬੱਸ ਦਾ ਚਲਾਨ ਕੱਟਿਆ। ਜ਼ਿਕਰਯੋਗ ਹੈ ਕਿ ਕੱਲ੍ਹ ਜਿਸ ਬੱਸ ਵਿੱਚੋਂ ਬੱਚੀ ਡਿੱਗੀ ਸੀ ਉਸ ਵਿੱਚ ਕੋਈ ਵੀ ਹੈਲਪਰ ਨਹੀਂ ਸੀ।
ਨਾਕੇ ਦੌਰਾਨ ਰੋਕੀ ਗਈ ਸੰਤ ਬਾਬਾ ਵਰਿਆਮ ਸਿੰਘ ਸਕੂਲ ਦੀ ਇਕ ਬੱਸ ਵਿੱਚ ਹੈਲਪਰ ਨਾ ਹੋਣ ਕਰ ਕੇ ਬੱਸ ਦਾ ਚਲਾਨ ਕੱਟਿਆ ਗਿਆ ਜਦਕਿ ਕੁਝ ਬੱਸਾਂ ਦੇ ਚਾਲਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਟਰੈਫਿਕ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਹੜੇ ਸਕੂਲ ਦੀ ਬੱਸ ਦਾ ਹੈਲਪਰ ਨਾ ਹੋਣ ਕਾਰਨ ਚਲਾਨ ਕੀਤਾ ਗਿਆ ਹੈ, ਉਸੇ ਸਕੂਲ ਦੀ ਬੱਸ ਵਿੱਚੋਂ ਬੱਚੀ ਡਿੱਗਣ ਦੀ ਘਟਨਾ ਵਾਪਰੀ ਸੀ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਨੂੰ ਬੱਸਾਂ ਲਈ ਸੁਰੱਖਿਅਤ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਏਐੱਸਆਈ ਮਲੂਕ ਸਿੰਘ, ਪਰਮਜੀਤ ਸਿੰਘ, ਰਣਧੀਰ ਸਿੰਘ, ਸਤੀਸ਼ ਕੁਮਾਰ, ਹਰਪਾਲ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।
ਐੱਸਡੀਐੱਮ ਨੇ ਅੱਠ ਸਕੂਲ ਬੱਸਾਂ ਦੇ ਚਲਾਨ ਕੀਤੇ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਐੱਸਡੀਐੱਮ ਸਵਾਤੀ ਟਿਵਾਣਾ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਸਕੂਲ ਬੱਸਾਂ ਦੇ ਚਾਲਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਸਵੇਰੇ 8 ਵਜੇ ਨਾਕਾ ਲਗਾ ਕੇ ਸਕੂਲ ਬੱਸਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ ਅੱਠ ਬੱਸਾਂ ਦੇ ਚਾਲਕਾਂ ਦੇ ਚਲਾਨ ਕੱਟੇ। ਉਨ੍ਹਾਂ ਵੱਲੋਂ ਕੁੱਲ ਨੌਂ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ, ਅੱਗ ਬੁਝਾਊ ਯੰਤਰ, ਚਾਲਕਾਂ ਦੀ ਵਰਦੀ, ਮੈਡੀਕਲ ਕਿੱਟ ਆਦਿ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਨੌਂ ਵਿੱਚੋਂ ਇਕ ਸਕੂਲ ਬੱਸ ਦੇ ਚਾਲਕ ਕੋਲ ਸਾਰੇ ਦਸਤਾਵੇਜ਼ ਪੂਰੇ ਪਾਏ ਗਏ ਜਦਕਿ ਬਾਕੀ ਅੱਠ ਵਿੱਚੋਂ ਇਕ ਬੱਸ ਦੇ ਚਾਲਕ ਕੋਲ ਕੋਈ ਵੀ ਦਸਤਾਵੇਜ਼ ਨਹੀਂ ਸੀ, ਇਸ ਕਰ ਕੇ ਇਸ ਬੱਸ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸੱਤ ਬੱਸਾਂ ਦੇ ਚਲਾਨ ਕੀਤੇ ਗਏ।