ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 26 ਅਗਸਤ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਹੋਰ ਜਥੇਬੰਦੀਆਂ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਵੇਰਵਾ ਮਿਲਕ ਪਲਾਂਟ ਦੇ ਬਾਹਰ ਪਿਛਲੇ ਪੰਜ ਤੋਂ ਚੱਲ ਰਿਹਾ ਲੜੀਵਾਰ ਧਰਨਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਮਗਰੋਂ ਖ਼ਤਮ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਕੁਲਵੰਤ ਸਿੰਘ ਤ੍ਰਿਪੜੀ, ਰਵਿੰਦਰ ਸਿੰਘ ਵਜੀਦਪੁਰ ਅਤੇ ਗੁਰਮੀਤ ਸਿੰਘ ਸ਼ਾਂਟੂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਅੱਜ ਹੋਈ ਮੀਟਿੰਗ ਵਿੱਚ ਪਰਮਿੰਦਰ ਸਿੰਘ ਚਲਾਕੀ, ਗਿਆਨ ਸਿੰਘ ਧੜਾਕ, ਗੁਰਮੀਤ ਸਿੰਘ ਸ਼ਾਂਟੂ, ਕੰਵਲਜੀਤ ਸਿੰਘ ਪੰਨੂ, ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਆਗੂ ਦਲਜੀਤ ਸਿੰਘ ਸਦਰਪੁਰਾ, ਰਾਜਪਾਲ ਸਿੰਘ ਕਰਾਲ ਸਮੇਤ ਕਿਸਾਨ ਯੂਨੀਅਨ (ਕਾਦੀਆ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆ ਅਤੇ ਕਿਸਾਨ ਯੂਨੀਅਨ (ਕਿਰਤੀ) ਦੇ ਆਗੂ ਮੌਜੂਦ ਸਨ। ਮੀਟਿੰਗ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ 21 ਮਈ ਤੋਂ 20 ਅਗਸਤ ਤੱਕ ਦੁੱਧ ਉਤਪਾਦਕਾਂ ਨੂੰ 35 ਰੁਪਏ ਪ੍ਰਤੀ ਫੈਟ ਦੇਵੇਗੀ। 21 ਅਗਸਤ ਤੋਂ 31 ਅਕਤੂਬਰ ਤੱਕ 15 ਰੁਪਏ ਮਿਲਕਫੈੱਡ ਅਤੇ 20 ਰੁਪਏ ਸਰਕਾਰ ਦੇਵੇਗੀ। ਮੁੱਖ ਮੰਤਰੀ ਨੇ ਪੈਸਿਆਂ ਦਾ ਭੁਗਤਾਨ 15 ਸਤੰਬਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਮੁਹਾਲੀ ਵੱਲੋਂ ਪਹਿਲਾਂ ਵਾਂਗ ਦੁੱਧ ਉਤਪਾਦਕਾਂ ਤੋਂ ਖ਼ਰੀਦੇ ਜਾਣ ਵਾਲੇ ਦੁੱਧ ਦੇ ਪੈਸੇ ਦਿੱਤੇ ਜਾਇਆ ਕਰਨਗੇ।
ਵਫ਼ਦ ਅਨੁਸਾਰ ਮੁੱਖ ਮੰਤਰੀ ਨੇ ਪੰਜਾਬ ਵਿੱਚ ਫੈਲ ਰਹੀ ਲੰਪੀ ਸਕਿਨ ਦੀ ਬੀਮਾਰੀ ਨਾਲ ਮਰੇ ਅਤੇ ਪੀੜਤ ਪਸ਼ੂਆਂ ਦਾ ਪਤਾ ਲਗਾਉਣ ਲਈ ਜਲਦੀ ਸਰਵੇ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਲਈ ਉਹ (ਮੁੱਖ ਮੰਤਰੀ) ਜਲਦੀ ਹੀ ਕੇਂਦਰੀ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਨੂੰ ਮਿਲਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਦੇ ਭਰੋਸੇ ਮਗਰੋਂ ਧਰਨੇ ’ਤੇ ਬੈਠੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੇ ਇਸ ਨੂੰ ਸਾਂਝੇ ਸੰਘਰਸ਼ ਦੀ ਜਿੱਤ ਦੱਸਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਆਪਣਾ ਲੜੀਵਾਰ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।