ਕੁਲਦੀਪ ਸਿੰਘ
ਚੰਡੀਗੜ੍ਹ, 12 ਸਤੰਬਰ
ਚੰਡੀਗੜ੍ਹ ਵਿੱਚ ਵੱਖ-ਵੱਖ ਥਾਈਂ ਰਹਿ ਰਹੇ ਅਫ਼ਗਾਨ ਵਿਦਿਆਰਥੀਆਂ ਨੇ ਅੱਜ ਸੈਕਟਰ 17 ਸਥਿਤ ਪਲਾਜ਼ਾ ਵਿੱਚ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਅਤੇ 20 ਮਿੰਟ ਦਾ ਮੌਨ ਰੱਖ ਕੇ ਸ਼ਰਨਾਰਥੀ ਐਲਾਨਣ ਅਤੇ ਹਰ ਬੰਦੋਬਸਤ ਕਰਨ ਦੀ ਅਪੀਲ ਕੀਤੀ।
ਅਫ਼ਗਾਨ ਸਟੂਡੈਂਟਸ ਏਕਤਾ ਸਮੂਹ ਅਤੇ ਚੰਡੀਗੜ੍ਹ ਦੀ ਐਨਜੀਓ ‘ਯੁਵਾਸੱਤਾ’ ਨੇ ਸਾਂਝੇ ਤੌਰ ’ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਫ਼ਗਾਨ ਵਿਦਿਆਰਥੀਆਂ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਦੀਆਂ ਹਦਾਇਤਾਂ ਮੁਤਾਬਕ ਸ਼ਰਨਾਰਥੀ ਐਲਾਨ ਕੇ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਦੇ ਵਸਨੀਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਮੱਦਦ ਦੀ ਅਪੀਲ ਕੀਤੀ। ਚੰਡੀਗੜ੍ਹ ਵਾਸੀ ਨੌਜਵਾਨਾਂ ਅਤੇ ਅਧਿਆਪਕਾਂ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਕੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਪ੍ਰਦਰਸ਼ਨ ਵਿੱਚ ਸ਼ਾਮਲ ਅਫ਼ਗਾਨ ਵਿਦਿਆਰਥਣਾਂ ਖਾਤਿਰਾ ਨੂਰੀ, ਨੀਲੋਫਰ ਤੇ ਲਿਡਾ, ਜ਼ਾਕਿਰ ਹੁਸੈਨ ਤੇ ਪਰਵਾਨਾ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਵਿਗੜੇ ਹਾਲਾਤਾਂ ਮਗਰੋਂ ਉਥੇ ਔਰਤਾਂ ਤੇ ਕੁੜੀਆਂ ਦਾ ਜਿਊਣਾ ਔਖਾ ਹੋ ਗਿਆ ਹੈ। ਔਰਤਾਂ ਦੇ ਖੇਡਣ ਜਾਂ ਕੰਮ ਕਰਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਲੱਗ ਰਿਹਾ। ਅਫ਼ਗਾਨ ਵਿਦਿਆਰਥੀ ਅਬਦੁਲ ਮੁਨੀਰ ਕੱਕੜ ਅਤੇ ਵਾਲਿਦ ਅਚਾਕਜ਼ਾਈ ਨੇ ਦੱਸਿਆ ਕਿ ਦੇਸ਼ ਵਿੱਚ ਵਿਗੜੇ ਹਾਲਾਤ ਕਾਰਨ ਹੀ ਇੱਧਰ ਚੰਡੀਗੜ੍ਹ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਆਰਥਿਕ ਮੱਦਦ ਦੀ ਕਾਫ਼ੀ ਜ਼ਰੂਰਤ ਹੈ। ‘ਯੁਵਾਸੱਤਾ’ ਦੇ ਕੁਆਰਡੀਨੇਟਰ ਪ੍ਰਮੋਦ ਸ਼ਰਮਾ ਨੇ ਕੇਂਦਰ ਸਰਕਾਰ ਨੂੰ ਅਫ਼ਗਾਨ ਨਾਗਰਿਕਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ।