ਪੱਤਰ ਪ੍ਰੇਰਕ
ਖਰੜ, 18 ਅਕਤੂਬਰ
ਸਿਟੀ ਪੁਲੀਸ ਨੇ ਖਰੜ-ਮੋਰਿੰਡਾ ਸੜਕ ਉੱਤੇ ਸਥਿਤ ਓਮੇਗਾ ਸਿਟੀ ਦੇ ਗੇਟ ਉੱਤੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਓਮੇਗਾ ਸਿਟੀ ਦੇ ਮਾਲਕ ਦੇ ਲੜਕੇ ਸ਼ੁਭਮ ਰਾਜਪੂਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਿਟੀ ਥਾਣੇ ਦੇ ਐੱਸਆਈ ਤਲਵਿੰਦਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਸ ਨੇ ਵੀਡਿਓ ਕਲਿਪ ਦੇਖੀ ਹੈ ਜਿਸ ਵਿੱਚ ਇੱਕ ਨੌਜਵਾਨ ਓਮੇਗਾ ਸਿਟੀ ਦੇ ਗੇਟ ’ਤੇ ਹਵਾਈ ਫਾਇਰ ਕਰ ਰਿਹਾ ਹੈ। ਜਾਂਚ ਕਰਨ ’ਤੇ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਨਾਂ ਸ਼ੁਭਮ ਰਾਜਪੂਤ ਹੈ ਅਤੇ ਉਹ ਓਮੇਗਾ ਸਿਟੀ ਦੇ ਮਾਲਕ ਦਾ ਲੜਕਾ ਹੈ। ਇਸ ਤਰੀਕੇ ਨਾਲ ਉਸ ਨੇ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ। ਇਸੇ ਦੌਰਾਨ ਖਰੜ ਦੀ ਡੀਐੱਸਪੀ ਰੁਪਿੰਦਰ ਕੌਰ ਸੋਹੀ ਨੇ ਦੱਸਿਆ ਕਿ ਖਰੜ ਸਿਟੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੁ ਕਰ ਦਿੱਤੀ ਹੈ।