ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਦਸੰਬਰ
ਦੇਸ਼ ਵਿੱਚ ਕਰੋਨਾਵਾਇਰਸ ਦੀ ਤੀਜੀ ਲਹਿਰ ਅਤੇ ਓਮੀਕਰੋਨ ਦੀ ਆਮਦ ਦਾ ਖਦਸ਼ਾ ਜਤਾਉਂਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤ ਫ਼ੈਸਲੇ ਲਏ ਹਨ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਾਜ਼ਮੀ ਕਰ ਦਿੱਤੀਆਂ ਹਨ। ਪ੍ਰਸ਼ਾਸਨ ਨੇ 1 ਜਨਵਰੀ ਤੋਂਂ ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲਗਵਾਉਣ ਵਾਲਿਆਂ ਦੀ ਜਨਤਕ ਥਾਵਾਂ ’ਤੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਹ ਆਦੇਸ਼ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਜਾਰੀ ਕੀਤੇ ਹਨ। ਸਲਾਹਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ਤੋਂ ਬਾਅਦ ਸਰਟੀਫਿਕੇਟ ਹਰ ਸਮੇਂ ਨਾਲ ਰੱਖਣਾ ਹੋਵੇਗਾ। ਇਸ ਬਾਰੇ ਜਾਂਚ ਲਈ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਹਾਇਕ ਕਮਿਸ਼ਨਰ, ਸੰਯੁਕਤ ਕਮਿਸ਼ਨਰ, ਮੈਡੀਕਲ ਅਫ਼ਸਰ, ਸਟੇਸ਼ਨ ਹਾਉੂਸ ਅਫ਼ਸਰਾਂ ਨੂੰ ਅਧਿਕਾਰਿਤ ਕੀਤਾ ਹੈ। ਪ੍ਰਸ਼ਾਸਕ ਦੇ ਸਲਾਹਕਾਰ ਨੇ ਕਿਹਾ ਕਿ ਕੋਵੀਸ਼ੀਲਡ ਵੈਕਸੀਨ ਲਗਵਾਉਣ ਵਾਲੇ ਦੇ ਦੂਜੀ ਡੋਜ਼ 84 ਦਿਨ ਬਾਅਦ ਲੱਗੇਗੀ ਜਦੋਂ ਕਿ ਕੋਵੈਕਸੀਨ ਲਗਵਾਉਣ ਵਾਲੇ ਦੇ 28 ਦਿਨਾਂ ਬਾਅਦ ਦੂਜੀ ਡੋਜ਼ ਲੱਗ ਸਕਦੀ ਹੈ। ਸ਼ਹਿਰ ਵਿਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 103 ਹੋ ਗਈ ਹੈ।