ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਦਸੰਬਰ
ਯੂਟੀ ਵਿੱਚ ਸੈਸ਼ਨ 2022-23 ਦੀਆਂ ਐਂਟਰੀ ਲੈਵਲ ਜਮਾਤਾਂ ਲਈ ਦਾਖਲਾ ਲੈਣਾ ਸੌਖਾ ਨਹੀਂ ਹੈ। ਬੱਚਿਆਂ ਦੀਆਂ ਇਨ੍ਹਾਂ ਜਮਾਤਾਂ ਦੇ ਦਾਖਲੇ ਹੁਣ ਕਾਲਜਾਂ ਦੇ ਪੇਸ਼ੇਵਰ ਕੋਰਸਾਂ ਜਿੰਨੇ ਮਹਿੰਗੇ ਹੋ ਗਏ ਹਨ ਜਿਸ ਕਾਰਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮੋਹਰੀ ਸਕੂਲਾਂ ਵਿੱਚ ਦਾਖਲਾ ਦਿਵਾਉਣ ਲਈ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ।
ਇਹ ਵੀ ਪਤਾ ਲੱਗਿਆ ਹੈ ਕਿ ਮੋਹਰੀ ਸਕੂਲਾਂ ਵਿੱਚ ਬੱਚੇ ਨੂੰ ਦਾਖਲ ਕਰਵਾਉਣ ਵੇਲੇ ਦੋ ਲੱਖ ਰੁਪਏ ਦਾ ਖਰਚਾ ਕਰਨਾ ਪਵੇਗਾ ਜਦਕਿ ਹੋਰ ਸਕੂਲਾਂ ਵਿੱਚ ਦਾਖਲਾ ਪੰਜਾਹ ਹਜ਼ਾਰ ਰੁਪਏ ਵਿੱਚ ਪਵੇਗਾ। ਦੂਜੇ ਪਾਸੇ ਸੇਂਟ ਕਬੀਰ ਸਕੂਲ ਸੈਕਟਰ-26 ਨੇ ਡਰਾਅ ਦੀ ਤਰੀਕ ਐਲਾਨ ਦਿੱਤੀ ਹੈ ਤੇ ਸਕੂਲ ਵੱਲੋਂ 15 ਜਨਵਰੀ ਨੂੰ ਡਰਾਅ ਕੱਢਿਆ ਜਾਵੇਗਾ।
ਸਭ ਤੋਂ ਮਹਿੰਗੇ ਦਾਖਲੇ ਸਟਰਾਅਬੇਰੀ ਫੀਲਡ ਸਕੂਲ ਸੈਕਟਰ-26 ਵਿੱਚ ਹੋਣਗੇ। ਇਸ ਸਕੂਲ ਵਿੱਚ ਦਾਖਲਾ ਫੀਸ 80 ਹਜ਼ਾਰ ਰੁਪਏ ਲਈ ਜਾਵੇਗੀ ਤੇ ਸਾਲ ਦੀ ਪੂਰੀ ਫੀਸ 1,02,300 ਰੱਖੀ ਗਈ ਹੈ ਤੇ ਸਕੂਲ ਵੱਲੋਂ ਰਿਫੰਡਏਬਲ ਸਕਿਉਰਿਟੀ ਵੱਖਰੀ ਲਈ ਜਾਵੇਗੀ। ਇਸੇ ਤਰ੍ਹਾਂ ਭਵਨ ਵਿਦਿਆਲਿਆ ਸਕੂਲ ਸੈਕਟਰ-33 ਵੱਲੋਂ ਦਾਖਲਾ ਫੀਸ 50 ਹਜ਼ਾਰ ਰੁਪਏ ਰੱਖੀ ਗਈ ਹੈ ਤੇ 11 ਹਜ਼ਾਰ ਰੁਪਏ ਸਕਿਉਰਿਟੀ ਦੇ ਲਏ ਜਾਣਗੇ ਤੇ ਦਾਖਲੇ ਵੇਲੇੇ ਪਹਿਲੇ ਤਿੰਨ ਮਹੀਨੇ ਦੀ ਤਿਮਾਹੀ ਫੀਸ ਵੀ ਵਸੂਲੀ ਜਾਵੇਗੀ।
ਇਸੇ ਤਰ੍ਹਾਂ ਗੁਰੂਕੁਲ ਗਲੋਬਲ ਸਕੂਲ ਮਨੀਮਾਜਰਾ ਦੀ ਦਾਖਲਾ ਫੀਸ 60 ਹਜ਼ਾਰ ਰੁਪਏ ਹੈ, ਸਕੂਲ ਵੱਲੋਂ ਸਕਿਉਰਿਟੀ ਪੰਜ ਹਜ਼ਾਰ ਰੁਪਏ ਲਈ ਜਾਵੇਗੀ ਤੇ ਤਿਮਾਹੀ ਫੀਸ 25,500 ਵੀ ਦਾਖਲੇ ਵੇਲੇ ਹੀ ਦੇਣੀ ਪਵੇਗੀ। ਇਸ ਤੋਂ ਇਲਾਵਾ ਦਿੱਲੀ ਪਬਲਿਕ ਸਕੂਲ ਸੈਕਟਰ-40 ਵੱਲੋਂ 38,600 ਰੁਪਏ ਦਾਖਲਾ ਫੀਸ ਲਈ ਜਾਵੇਗੀ। ਇੱਥੇ ਹੀ ਬੱਸ ਨਹੀਂ, ਸਕਿਉਰਿਟੀ ਦਸ ਹਜ਼ਾਰ ਰੁਪਏ ਤੇ ਤਿਮਾਹੀ ਫੀਸ 22830 ਰੁਪਏ ਰੱਖੀ ਗਈ ਹੈ।
ਸਿੱਖਿਆ ਵਿਭਾਗ ਨੇ ਸਕੂਲਾਂ ਤੋਂ ਫੀਸਾਂ ਤੇ ਸੀਟਾਂ ਦੇ ਵੇਰਵੇ ਮੰਗੇ
ਕਈ ਸਕੂਲ ਦਾਖਲਾ ਫੀਸ ਤੇ ਹੋਰ ਫੰਡਾਂ ਬਾਰੇ ਸਿੱਖਿਆ ਵਿਭਾਗ ਨੂੰ ਪੂਰੀ ਜਾਣਕਾਰੀ ਨਹੀਂ ਦਿੰਦੇ ਜਿਸ ਕਾਰਨ ਸਿੱਖਿਆ ਵਿਭਾਗ ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਹ ਸਕੂਲ ਵਿੱਚ ਐਂਟਰੀ ਲੈਵਲ ਜਮਾਤ ਦਾ ਨਾਂ, ਸੀਟਾਂ, ਰਾਖਵੀਆਂ ਸੀਟਾਂ, ਕਿੰਨੇ ਬੱਚਿਆਂ ਨੇ ਅਪਲਾਈ ਕੀਤਾ, ਡਰਾਅ ਤੇ ਫੀਸਾਂ ਤੇ ਫੰਡ ਦੇ ਵੇਰਵੇ ਸਕੱਤਰੇਤ ਵਿੱਚ 9 ਦਸੰਬਰ ਤੱਕ ਦੇਣ। ਇਸ ਤੋਂ ਇਲਾਵਾ ਸਕੂਲਾਂ ਨੂੰ ਐਂਟਰੀ ਲੈਵਲ ਜਮਾਤਾਂ ਦੇ ਸੈਕਸ਼ਨ ਤੇ ਦਾਖਲਾ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ।
ਸਕੂਲਾਂ ਨੇ ਫੀਸਾਂ ਦੀ ਜਾਣਕਾਰੀ ਛੁਪਾਈ
ਕਈ ਮੋਹਰੀ ਸਕੂਲਾਂ ਦੀ ਵੈੱਬਸਾਈਟ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਸਕੂਲਾਂ ਦੀ ਫੀਸ ਤੇ ਤਿਮਾਹੀ ਫੀਸ ਸਪੱਸ਼ਟ ਨਹੀਂ ਦੱਸੀ ਗਈ। ਇਕ ਮੋਹਰੀ ਸਕੂਲ ਦੀ ਵੈੱਬਸਾਈਟ ’ਤੇ ਐਂਟਰੀ ਲੈਵਲ ਜਮਾਤਾਂ ਦੇ ਦਾਖਲੇ 2022-23 ਸੈਸ਼ਨ ਬਾਰੇ ਲਿੰਕ ਦਿੱਤੇ ਗਏ ਪਰ ਜਦ ਉਸ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਸਕੂਲ ਨੇ ਦਾਖਲਾ ਫੀਸਦ 80 ਹਜ਼ਾਰ ਦੱਸੀ, ਇਸ ਦੇ ਹੇਠ ਲਿਖਿਆ ਸੀ ਕਿ ਇਹ ਫੀਸ ਦਰਾਂ ਪੁਰਾਣੀਆਂ ਹਨ ਤੇ ਨਵੀਆਂ ਦਰਾਂ ਲਈ ਸਕੂਲ ਨਾਲ ਸੰਪਰਕ ਕੀਤਾ ਜਾਵੇ। ਇਸੇ ਸਕੂਲ ਦੇ ਇਕ ਹੋਰ ਲਿੰਕ ’ਤੇ ਦਾਖਲਾ ਫੀਸ 50 ਹਜ਼ਾਰ ਰੁਪਏ ਦੱਸੀ ਗਈ ਹੈ। ਇਸੀ ਤਰ੍ਹਾਂ ਹੋਰ ਸਕੂਲ ਆਪਣੀ ਫੀਸ ਬਾਰੇ ਜਾਣਕਾਰੀ ਨਹੀਂ ਦੇ ਰਹੇ।
ਸੈਕਟਰ-38 ਦੇ ਸਕੂਲ ਵਲੋਂ ਵੀ ਅਧੂਰੀ ਜਾਣਕਾਰੀ ਹੀ ਵੈਬਸਾਈਟ ’ਤੇ ਨਸ਼ਰ ਕੀਤੀ ਗਈ ਹੈ।