ਮੁਕੇਸ਼ ਕੁਮਾਰ
ਚੰਡੀਗੜ੍ਹ, 1 ਸਤੰਬਰ
ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਪਣੇ ਦਫ਼ਤਰਾਂ ਵਿੱਚ ਸਾਵਧਾਨੀ ਵਜੋਂ ਕੀਤੇ ਗਏ ਪ੍ਰਬੰਧਾਂ ਤੋਂ ਚੰਡੀਗੜ੍ਹ ਨਗਰ ਨਿਗਮ ਨੇ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਆਪਣੇ ਦਫ਼ਤਰਾਂ ਵਿੱਚ ਸਖ਼ਤੀ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਨਗਰ ਨਿਗਮ ਵੱਲੋਂ ਨਿਗਮ ਦਫ਼ਤਰ ਦੇ ਮੁੱਖ ਭਵਨ ਸਮੇਤ ਸੈਕਟਰਾਂ ਅਤੇ ਸਾਰੇ ਦਫ਼ਤਰਾਂ ਵਿੱਚ ਕਰਮਚਾਰੀਆਂ ਸਮੇਤ ਉੱਥੇ ਆਪਣਾ ਕੰਮ ਕਰਵਾਉਣ ਆਉਣ ਵਾਲਿਆਂ ਦੇ ਦਾਖ਼ਲ ਹੋਣ ਲਈ ਵੈਕਸੀਨੇਸ਼ਨ ਜਾਂ ਕਰੋਨਾ ਦੀ ਨੈਗੇਟਿਵ ਟੈਸਟ ਰਿਪੋਰਟ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇੱਥੇ ਨਗਰ ਨਿਗਮ ਭਵਨ ਵਿੱਚ ਇੱਥੋਂ ਦੇ ਮੇਅਰ ਰਵੀ ਕਾਂਤ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਖ਼ਤਰੇ ਕਾਰਨ ਨਿਗਮ ਵੱਲੋਂ ਆਪਣੇ ਸਮੂਹ ਦਫ਼ਤਰਾਂ ਵਿੱਚ ਦਾਖ਼ਲ ਹੋਣ ਵਾਲਿਆਂ ਲਈ ਕਰੋਨਾ ਵੈਕਸੀਨੇਸ਼ਨ ਦੀ ਘੱਟੋ-ਘੱਟ ਇੱਕ ਖੁਰਾਕ ਦਾ ਟੀਕਾ ਲੱਗਿਆ ਹੋਵੇ ਜਾਂ 72 ਘੰਟੇ ਪਹਿਲਾਂ ਦੀ ਨੈਗੇਟਿਵ ਕਰੋਨਾ ਟੈਸਟ ਰਿਪੋਰਟ ਹੋਵੇ। ਮੇਅਰ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਹ ਪਾਬੰਦੀਆਂ ਨਗਰ ਨਿਗਮ ਦੇ ਕਰਮਚਾਰੀਆਂ ਸਮੇਤ ਨਿਗਮ ਦੇ ਦਫ਼ਤਰਾਂ ਵਿੱਚ ਆਪਣੇ ਕੰਮ ਕਾਜ ਲਈ ਆਉਣ ਵਾਲੇ ਸ਼ਹਿਰ ਵਾਸੀਆਂ ਲਈ ਵੀ ਹਨ। ਉਨ੍ਹਾਂ ਦੱਸਿਆ ਕਿ ਇਸਦੇ ਹਾਲ ਹੀ ਆਪਣੇ ਜ਼ਰੂਰੀ ਕੰਮ ਲਈ ਨਿਗਮ ਅਧਿਕਾਰੀਆਂ ਨੂੰ ਮਿਲਣ ਲਈ ਆਉਣ ਵਾਲਿਆਂ ਲਈ ਵੀ ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਛੱਡ ਕੇ ਰੋਜ਼ਾਨਾ ਦੁਪਹਿਰ 12 ਤੋਂ 1 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।
ਜਾਗਰੂਕਤਾ ਮੁਹਿੰਮ ਚਲਾਵਾਂਗੇ: ਨਿਗਮ ਕਮਿਸ਼ਨਰ
ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਕੋਵਿਡ ਸਬੰਧੀ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਸੈਕਟਰਾਂ ਦੀਆਂ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ, ਨਿੱਜੀ ਤੇ ਸਰਕਾਰੀ ਅਦਾਰਿਆਂ ਅਤੇ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵੈਕਸੀਨੇਸ਼ਨ ਬਾਰੇ ਕਲੋਨੀਆਂ ਸਮੇਤ ਪਿੰਡਾਂ ਅਤੇ ਮਾਰਕੀਟਾਂ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨਾਲ ਮਿਲਕੇ ਸਪੈਸ਼ਲ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀ ਸੌ ਫ਼ੀਸਦੀ ਵੈਕਸੀਨੇਸ਼ਨ ਨੂੰ ਲਾਜ਼ਮੀ ਕੀਤਾ ਜਾਵੇਗਾ।
ਕਰੋਨਾ ਨੇਮਾਂ ਦੀ ਉਲੰਘਣਾ ਦੇ ਦੋਸ਼ ਹੇਠ ਜ਼ੀਰਕਪੁਰ ਦੇ ਦੋ ਸਕੂਲਾਂ ਖ਼ਿਲਾਫ਼ ਕੇਸ ਦਰਜ
ਜ਼ੀਰਕਪੁਰ (ਹਰਜੀਤ ਸਿੰਘ): ਪੁਲੀਸ ਨੇ ਕਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਹੇਠ ਸ਼ਹਿਰ ਦੇ ਦੋ ਸਕੂਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਨਗਲਾ ਸੜਕ ’ਤੇ ਸਥਿਤ ਮਾਨਵ ਮੰਗਲ ਸਮਾਰਟ ਵਰਲਡ ਸਕੂਲ ਅਤੇ ਦਿੱਲੀ ਵਰਲਡ ਪਬਲਿਕ ਸਕੂਲ ਸ਼ਾਮਲ ਹਨ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐੱਸ.ਡੀ.ਐੱਮ. ਡੇਰਾਬੱਸੀ ਕੁਲਦੀਪ ਬਾਵਾ ਦੀ ਹਦਾਇਤ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਮਾਨਵ ਮੰਗਲ ਸਮਾਰਟ ਸਕੂਲ ਦੇ 92 ਅਧਿਆਪਕਾਂ ਅਤੇ ਹੋਰ ਸਟਾਫ਼ ਵਿੱਚੋਂ ਸਿਰਫ਼ 41 ਵੱਲੋਂ ਕਰੋਨਾ ਵੈਕਸੀਨ ਲਗਵਾਈ ਹੋਈ ਸੀ। ਇਸੇ ਤਰ੍ਹਾਂ ਦਿੱਲੀ ਵਰਲਡ ਪਬਲਿਕ ਸਕੂਲ ਦੇ 75 ਅਧਿਆਪਕਾਂ ਅਤੇ ਹੋਰ ਸਟਾਫ਼ ਵਿੱਚੋਂ ਸਿਰਫ਼ 48 ਵੱਲੋਂ ਕੋਵਿਡ ਵੈਕਸੀਨ ਦੀ ਦੋਵੇਂ ਖੁਰਾਕਾਂ ਲਗਵਾਈਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਕਰੋਨਾ ਮਹਾਮਾਰੀ ਨੂੰ ਦੇਖਦਿਆਂ ਸੂਬੇ ਦੇ ਸਾਰੇ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਨਿੱਜੀ ਅਤੇ ਸਰਕਾਰੀ ਸਕੂਲਾਂ ਲਈ ਤਿੰਨ ਸੂਤਰੀ ਹਦਾਇਤਾਂ ਜਾਰੀ ਕੀਤੀ ਗਈਆਂ ਹਨ। ਇਸ ਤਹਿਤ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੈਕਸੀਨ ਦੀ ਦੋਵੇਂ ਡੋਜ਼ ਲੱਗੀਆਂ ਹੋਣੀਆਂ ਲਾਜ਼ਮੀ ਹਨ। ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ਦਾ ਖਿਆਲ ਰੱਖਣ ਤੋਂ ਇਲਾਵਾ ਮਾਸਕ ਪਹਿਨਣਾ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਦੋਵਾਂ ਸਕੂਲਾਂ ਵਿੱਚ ਜਾਂਚ ਦੌਰਾਨ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਕਰੋਨਾ ਵੈਕਸੀਨ ਨਹੀਂ ਲਗਵਾਈ ਸੀ ਜਿਸ ਤਹਿਤ ਕਾਰਵਾਈ ਕੀਤੀ ਗਈ ਹੈ।
ਸੁਖਨਾ ਵੈਕਸੀਨੇਸ਼ਨ ਸੈਂਟਰ ਵੱਲੋਂ ਪੰਜ ਹਜ਼ਾਰ ਟੀਕਿਆਂ ਦਾ ਟੀਚਾ ਪਾਰ
ਚੰਡੀਗੜ੍ਹ: ਯੂਟੀ ਦੇ ਸਿਹਤ ਵਿਭਾਗ ਅਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਨੇ ਯੂਨਾਈਟਿਡ ਸਿੱਖਜ਼ ਅਤੇ ਏ.ਐੱਸ.ਆਰ. ਫਾਊਂਡੇਸ਼ਨ ਦੇ ਸਹਿਯੋਗ ਨਾਲ ਸੁਖਨਾ ਝੀਲ ’ਤੇ ਕੋਵਿਡ-19 ਟੀਕਾਕਰਨ ਕੈਂਪ ਲਾਇਆ, ਜਿਸ ਵਿੱਚ 5 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਟੀਕਾਕਰਨ ਕਰਵਾਇਆ। ਫਾਊਂਡੇਸ਼ਨ ਦੇ ਸੰਸਥਾਪਕ ਕਰਨ ਗਿਲਹੋਤਰਾ ਦੀ ਅਗਵਾਈ ਵਿੱਚ ਲਾਏ ਗਏ ਕੈਂਪ ਵਿੱਚ ਪ੍ਰਸ਼ਾਸਨ ਦੇ ਸਲਾਹਕਾਰ ਧਰਮਪਾਲ ਅਤੇ ਅਦਾਕਾਰ ਜਿੰਮੀ ਸ਼ੇਰਗਿੱਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸ੍ਰੀ ਗਿਲਹੋਤਰਾ ਨੇ ਦੱਸਿਆ ਕਿ ਸੁਖਨਾ ਝੀਲ ’ਤੇ ਇਸ ਵੈਕਸੀਨੇਸ਼ਨ ਸੈਂਟਰ ਵਿੱਚ ਸ਼ਾਮ 4 ਵਜੇ ਤੋਂ 8 ਵਜੇ ਤੱਕ ਮੁਫ਼ਤ ਟੀਕਾਕਰਨ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। -ਪੱਤਰ ਪ੍ਰੇਰਕ