ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਜੂਨ
ਇਥੋਂ ਦੇ ਸਰਕਾਰੀ ਆਰਟਸ ਕਾਲਜ ਵਿਚ ਫਾਰਮ ਅਪਲੋਡ ਕਰਨ ਸਬੰਧੀ ਸਮੱਸਿਆਵਾਂ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ। ਇਥੋਂ ਦੇ ਸਰਕਾਰੀ ਸਕੂਲ ਬਾਰ੍ਹਵੀਂ ਦਾ ਨਤੀਜਾ ਜਾਰੀ ਨਾ ਹੋਣ ਕਾਰਨ ਚਰਿੱਤਰ ਸਰਟੀਫਿਕੇਟ ਦੇਣ ਤੋਂ ਨਾਂਹ ਕਰ ਰਹੇ ਹਨ ਜਦਕਿ ਐਨਐਸਐਸ ਅਧਿਕਾਰੀ ਦੀ ਦੇਰ ਨਾਲ ਤਾਇਨਾਤੀ ਹੋਣ ਕਾਰਨ ਐਨਐਸਐਸ ਸਰਟੀਫਿਕੇਟ ਵੀ ਜਾਰੀ ਨਹੀਂ ਹੋ ਰਹੇ। ਦੂਜੇ ਪਾਸੇ ਕਈ ਪੇਸ਼ੇਵਾਰ ਕੋਰਸਾਂ ਵਿਚ ਦਾਖਲਿਆਂ ਦੀ ਆਖਰੀ ਤਾਰੀਖ ਨੇੜੇ ਆ ਰਹੀ ਹੈ ਪਰ ਫਾਰਮ ਅਪਲੋਡ ਨਾ ਹੋਣ ਕਾਰਨ ਮਾਪਿਆਂ ਤੇ ਵਿਦਿਆਰਥੀਆਂ ਦੀ ਚਿੰਤਾ ਵਧਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰੀ ਆਰਟਸ ਕਾਲਜ ਵਿਚ ਬੈਚੁਲਰ ਇਨ ਫਾਈਨ ਆਰਟਸ ਵਿਚ ਦਾਖਲੇ ਹੋ ਰਹੇ ਹਨ। ਕਾਲਜ ਵਲੋਂ ਕਿਹਾ ਜਾ ਰਿਹਾ ਹੈ ਕਿ ਫਾਰਮ ਵਿਚ ਚਰਿੱਤਰ ਸਰਟੀਫਿਕੇਟ ਤੇ ਐਨਐਸਐਸ ਦੇ ਸਰਟੀਫਿਕੇਟ ਵੀ ਅਪਲੋਡ ਕੀਤੇ ਜਾਣ ਤਾਂ ਹੀ ਵਿਦਿਆਰਥੀਆਂ ਦਾ ਫਾਰਮ ਪੂਰਾ ਮੰਨਿਆ ਜਾਵੇਗਾ। ਇਥੋਂ ਦੇ ਸਰਕਾਰੀ ਮਾਡਲ ਸਕੂਲ ਵਿਚ ਚਰਿੱਤਰ ਸਰਟੀਫਿਕੇਟ ਲੈਣ ਗਏ ਇਕ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਸਕੂਲ ਵਾਲੇ ਕਹਿ ਰਹੇ ਹਨ ਕਿ ਜਦ ਤਕ ਨਤੀਜਾ ਜਾਰੀ ਨਹੀਂ ਹੁੰਦਾ ਤਦ ਤਕ ਉਹ ਸਰਟੀਫਿਕੇਟ ਜਾਰੀ ਨਹੀਂ ਕਰਨਗੇ। ਜਦ ਉਹ ਐਨਐਸਐਸ ਦਾ ਸਰਟੀਫਿਕੇਟ ਲੈਣ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਇਸ ਸਰਟੀਫਿਕੇਟ ਨੂੰ ਹਾਲੇ ਦਸ ਦਿਨ ਹੋਰ ਲੱਗਣਗੇ।
ਤਾਲਮੇਲ ਅਫਸਰ ਦੀ ਤਾਇਨਾਤੀ ਨਾ ਹੋਣ ਕਾਰਨ ਕੰਮ ਲਟਕੇ
ਪ੍ਰਸ਼ਾਸਨ ਵੱਲੋਂ ਐਨਐਸਐਸ ਸਰਟੀਫਿਕੇਟ ਜਾਰੀ ਕਰਨ ਲਈ ਸਟੇਟ ਤਾਲਮੇਲ ਅਫਸਰ ਨੂੰ ਨੋਡਲ ਅਧਿਕਾਰੀ ਲਾਇਆ ਜਾਂਦਾ ਹੈ ਪਰ ਇਸ ਅਹੁਦੇ ’ਤੇ ਇਕ ਸਾਲ ਕੋਈ ਤਾਇਨਾਤੀ ਨਹੀਂ ਹੋਈ। ਇਹ ਅਹੁਦਾ ਪ੍ਰੋਫੈਸਰ ਨੇਮੀ ਚੰਦ ਨੇ ਕੁਝ ਦਿਨ ਪਹਿਲਾਂ ਹੀ ਸੰਭਾਲਿਆ ਹੈ ਜਿਸ ਕਾਰਨ ਐਨਐਸਐਸ ਦੇ ਸਰਟੀਫਿਕੇਟ ਸਮੇਂ ’ਤੇ ਜਾਰੀ ਨਹੀਂ ਹੋ ਰਹੇ। ਡਾਇਰੈਕਟਰ ਉਚ ਸਿੱਖਿਆ ਅਮਨਦੀਪ ਭੱਟੀ ਨੇ ਕਿਹਾ ਕਿ ਉਹ ਸਮੱਸਿਆ ਦਾ ਜਲਦੀ ਹੱਲ ਕਰਵਾਉਣਗੇ। ਇਸ ਸਮੱਸਿਆ ਕਾਰਨ ਦਾਖਲੇ ਦੀ ਅੰਤਿਮ ਤਰੀਖ ਵੀ ਵਧਾਈ ਜਾਵੇਗੀ।
ਹੋਰ ਕਾਲਜਾਂ ਵਾਲੇ ਆਰਜ਼ੀ ਕਰ ਰਹੇ ਹਨ ਦਾਖਲੇ
ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਐਸਡੀ ਕਾਲਜ ਤੇ ਹੋਰ ਕਾਲਜਾਂ ਵਿਚ ਦਾਖਲਿਆਂ ਲਈ ਸਫੈਦ ਕਾਗਜ਼ ਅਪਲੋਡ ਕਰਨ ਲਈ ਕਿਹਾ ਜਾ ਰਿਹਾ ਹੈ। ਹੋਰ ਕਾਲਜਾਂ ਵਿਚ ਇਸ ਸ਼ਰਤ ’ਤੇ ਦਾਖਲੇ ਕੀਤੇ ਜਾਂਦੇ ਹਨ ਕਿ ਨਤੀਜੇ ਜਾਰੀ ਹੋਣ ’ਤੇ ਦਾਖਲਾ ਪੱਕਾ ਮੰਨਿਆ ਜਾਵੇਗਾ ਤੇ ਵਿਦਿਆਰਥੀਆਂ ਨੂੰ ਦਾਖਲਿਆਂ ਵੇਲੇ ਆਪਣੇ ਅਸਲੀ ਸਰਟੀਫਿਕੇਟ ਦਿਖਾਉਣੇ ਪੈਣਗੇ। ਨਿਯਮਾਂ ਅਨੁਸਾਰ ਨਤੀਜਾ ਜਾਰੀ ਹੋਣ ਤੋਂ ਬਾਅਦ ਹੀ ਚਰਿੱਤਰ ਸਰਟੀਫਿਕੇਟ ਜਾਰੀ ਹੁੰਦੇ ਹਨ ਕਿਉਂਕਿ ਚਰਿੱਤਰ ਸਰਟੀਫਿਕੇਟ ਸਿਰਫ ਪਾਸ ਵਿਦਿਆਰਥੀਆਂ ਨੂੰ ਹੀ ਜਾਰੀ ਹੁੰਦੇ ਹਨ ਤੇ ਕੰਪਾਰਟਮੈਂਟ ਜਾਂ ਫੇਲ੍ਹ ਵਿਦਿਆਰਥੀਆਂ ਨੂੰ ਚਰਿੱਤਰ ਸਰਟੀਫਿਕੇਟ ਜਾਰੀ ਨਹੀਂ ਹੁੰਦੇ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਫਾਰਮ ਅਪਲੋਡ ਕਰਨ ਵੇਲੇ ਗੈਪ ਸਾਲਾਂ ਵਾਲੇ ਵਿਦਿਆਰਥੀਆਂ ਨੂੰ ਤਾਂ ਹਲਫਨਾਮਾ ਭਰਨ ਦੀ ਆਪਸ਼ਨ ਦਿੱਤੀ ਜਾ ਰਹੀ ਹੈ ਪਰ ਰੈਗੂਲਰ ਪੜ੍ਹਾਈ ਕਰਨ ਵਾਲਿਆਂ ਲਈ ਸ਼ਰਤਾਂ ਲਾਈਆਂ ਜਾ ਰਹੀਆਂ ਹਨ।