ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਜੁਲਾਈ
ਯੂਟੀ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਤੇ ਨਿੱਜੀ ਕਾਲਜਾਂ ’ਚ ਆਨਲਾਈਨ ਦਾਖਲਿਆਂ ਦੀ ਪ੍ਰਕਿਰਿਆ 10 ਜੁਲਾਈ ਤੋਂ ਸ਼ੁਰੂ ਕੀਤੀ ਜਾਵੇਗੀ। ਸਕੱਤਰੇਤ ਦੇ ਅਧਿਕਾਰੀਆਂ ਅਨੁਸਾਰ ਬਾਰ੍ਹਵੀਂ ਜਮਾਤ ਦਾ ਨਤੀਜਾ ਆਉਣ ਤੋਂ ਬਾਅਦ ਹੀ ਪ੍ਰਾਸਪੈਕਟਸ ਜਾਰੀ ਕੀਤੇ ਜਾਣਗੇ, ਜਿਸ ਲਈ ਡਾਇਰੈਕਟਰ ਉਚੇਰੀ ਸਿੱਖਿਆ ਕੋਲੋਂ ਪ੍ਰਵਾਨਗੀ ਮੰਗੀ ਜਾਵੇਗੀ। ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਵੱਲੋਂ ਸਾਂਝਾ ਪ੍ਰਾਸਪੈਕਟਸ ਤਿਆਰ ਕੀਤਾ ਜਾਂਦਾ ਹੈ ਤੇ ਇਸ ਵਾਰ ਵੀ ਕਾਲਜ ਦੇ ਪ੍ਰਿੰਸੀਪਲ ਡਾ. ਨਿਸ਼ਾ ਅਗਰਵਾਲ ਨੂੰ ਪ੍ਰਾਸਪੈਕਟਸ ਕਮੇਟੀ ਦਾ ਨੋਡਲ ਚੇਅਰਮੈਨ ਲਾਇਆ ਗਿਆ ਹੈ। ਪਿਛਲੇ ਸਾਲ ਸਾਂਝੇ ਪ੍ਰਾਸਪੈਕਟਸ ਵਿੱਚ ਸਿਰਫ ਇਕ ਹੈਲਪਲਾਈਨ ਨੰਬਰ ਸੀ ਪਰ ਇਸ ਵਾਰ ਸਾਰੇ ਕਾਲਜਾਂ ਨੂੰ ਹੈਲਪਲਾਈਨ ਨੰਬਰ ਸ਼ੁਰੂ ਕਰਨ ਲਈ ਕਿਹਾ ਗਿਆ ਹੈ, ਜਿਸ ਲਈ ਪ੍ਰਿੰਸੀਪਲਾਂ ਨੇ ਹਾਮੀ ਵੀ ਭਰ ਦਿੱਤੀ ਹੈ। ਦਾਖਲਿਆਂ ਲਈ ਪ੍ਰਾਸਪੈਕਟਸ ਨੂੰ dhe.chd.gov.in ’ਤੇ ਉਪਲਬਧ ਹੋਣਗੇੇ।
ਯੂਟੀ ਦੇ ਸਰਕਾਰੀ ਕਾਲਜਾਂ ਵਿਚ ਲੈਕਚਰਾਰਾਂ ਦੀ ਵੱਡੀ ਘਾਟ ਹੈ ਜਿਸ ਕਾਰਨ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-42, ਸੈਕਟਰ-46 ਤੇ ਸੈਕਟਰ-11 ਵਿੱਚ ਦਰਜਨ ਤੋਂ ਵੱਧ ਕੋਰਸ ਬੰਦ ਹੋ ਗਏ ਹਨ। ਨਵੇਂ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਸੀਮਤ ਵਿਸ਼ੇ ਹੀ ਪੜ੍ਹਨ ਨੂੰ ਮਿਲਣਗੇ। ਦੂਜੇ ਪਾਸੇ ਯੂਟੀ ਦਾ ਉਚੇਰੀ ਸਿੱਖਿਆ ਵਿਭਾਗ ਨਵੇਂ ਲੈਕਚਰਾਰਾਂ ਦੀ ਨਿਯੁਕਤੀ ਨਹੀਂ ਕਰ ਸਕਿਆ ਜਿਸ ਕਾਰਨ ਆਉਣ ਵਾਲਾ ਸੈਸ਼ਨ ਚੁਣੌਤੀ ਭਰਿਆ ਹੋਵੇਗਾ।