ਆਤਿਸ਼ ਗੁਪਤਾ
ਚੰਡੀਗੜ੍ਹ, 14 ਅਕਤੂਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵਾਪਰ ਰਹੀਆਂ ਗੈਂਗਵਾਰ ਅਤੇ ਗੋਲੀ ਬਾਰੀ ਦੀਆਂ ਘਟਨਾਵਾਂ ’ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇੰਡਸਟ੍ਰੀਅਲ ਏਰੀਆ ਵਿੱਚ ਗੋਲੀ ਦਾ ਸ਼ਿਕਾਰ ਹੋਏ ਗੁਰਲਾਲ ਬਰਾੜ ਅਤੇ ਸੈਕਟਰ-9 ਵਿੱਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋਏ ਸੌਰਵ ਗੁੱਜਰ ਦੇ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ’ਤੇ ਜ਼ੋਰ ਦਿੱਤਾ ਹੈ।
ਯੂਟੀ ਦੇ ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੂੰ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ’ਤੇ ਨੱਥ ਪਾਉਣ ਲਈ ਵਿਊਂਤਬੰਦੀ ਦੇ ਆਦੇਸ਼ ਦਿੱਤੇ। ਸ੍ਰੀ ਬਦਨੌਰ ਨੇ ਸ਼ਹਿਰ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਵਾਪਰੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਦੀ ਵਿਸਥਾਰਤ ਰਿਪੋਰਟ ਮੰਗੀ ਹੈ ਜਿਸ ਵਿੱਚ ਚੰਡੀਗੜ੍ਹ ਪੁਲੀਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ। ਪ੍ਰਸ਼ਾਸਕ ਦੇ ਆਦੇਸ਼ਾਂ ਤੋਂ ਤੁਰੰਤ ਬਾਅਦ ਸਮੂਹ ਪੁਲੀਸ ਅਧਿਕਾਰੀਆਂ ਵੱਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਦੂਜੇ ਪਾਸੇ ਯੂਟੀ ਵਿੱਚ ਵਾਪਰ ਰਹੀ ਅਪਰਾਧਕ ਗਤੀਵਿਧੀਆਂ ਬਾਰੇ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਦੀ ਅਗਵਾਈ ਹੇਠ ਟ੍ਰਾਈਸਿਟੀ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਚੰਡੀਗੜ੍ਹ ਦੇ ਐੱਸਐੱਸਪੀ ਸਾਰੇ ਐੱਸਪੀ, ਡੀਐੱਸਪੀ, ਪੰਜਾਬ ਤੋਂ ਆਈ.ਜੀ. ਰੂਪਨਗਰ ਅਤੇ ਐੱਸਐੱਸਪੀ ਮੁਹਾਲੀ ਅਤੇ ਪੰਚਕੂਲਾ ਤੋਂ ਡੀਸੀਪੀ ਅਤੇ ਏਸੀਪ ਹਾਜ਼ਰ ਸਨ। ਟ੍ਰਾਈਸਿਟੀ ਦੀ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਵਿੱਚ ਟ੍ਰਾਈਸਿਟੀ ਦੀ ਪੁਲੀਸ ਵਿੱਚ ਆਪਸੀ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ। ਗੈਂਗਸਟਰਾਂ ਦੀ ਜਾਣਕਾਰੀ ਸਾਂਝੀ ਕਰਨ, ਹੋਰ ਅਪਰਾਧਿਕ ਗਤੀਵੀਧੀਆ ਬਾਰੇ, ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਲਈ ਟ੍ਰਾਈਸਿਟੀ ਦੇ ਬਾਰਡਰ ’ਤੇ ਸਖਤ ਸੁਰੱਖਿਆ ਪ੍ਰਬੰਧ ਕਰਨ ਲਈ ਪ੍ਰੇਰਿਆ ਗਿਆ।
ਗੈਂਗਸਟਰਾਂ ਦੇ ਨਾਂ ’ਤੇ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ
ਟ੍ਰਾਈਸਿਟੀ ਵਿੱਚ ਫਿਰੌਤੀ ਦੀ ਮੰਗ ਕਰਨ ਅਤੇ ਨਸ਼ਾ ਸਪਲਾਈ ਵਾਲੇ ਅੱਧਾ ਦਰਜਨ ਮੁਲਜ਼ਮਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ’ਚ ਵਿੱਚ ਰਾਜੇਸ਼ ਪਾਸਵਾਨ, ਰਿੰਕੂ, ਜਾਵੇਦ, ਵਿਕਰਮਜੀਤ ਸਿੰਘ, ਜੈਕੀ, ਦੀਪਕ ਕੁੰਡੂ ਵਜੋਂ ਹੋਈ ਹੈ ਜਿਨ੍ਹਾਂ ਵਿੱਚੋਂ ਜਾਵੇਦ ਵਾਸੀ ਸੈਕਟਰ-37 ਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।