ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਫਰਵਰੀ
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਹਿਰ ’ਚ ਸਥਿਤ ਮਿਊਜ਼ੀਅਮ, ਆਰਡ ਗੈਲਰੀ ਅਤੇ ਸੁਖਨਾ ਝੀਲ ਦਾ ਦੌਰਾ ਕੀਤਾ ਹੈ। ਪ੍ਰਸ਼ਾਸਕ ਨੇ ਸ਼ਹਿਰ ਦੀ ਇਤਿਹਾਸਕ ਇਮਾਰਤਾਂ ਅਤੇ ਹੋਰ ਵਸਤੂਆਂ ਦੀ ਸੰਭਾਲ ’ਤੇ ਚਿੰਤਾ ਪ੍ਰਗਟਾਉਂਦਿਆ ਸੰਭਾਲ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਆਰਟ ਕਲਚਰ ਅਤੇ ਹੈਰੀਟੇਜ ਕਮੇਟੀ ਦੇ ਮੈਂਬਰ ਤੇ ਮਾਹਿਰ ਵੀ ਹਾਜ਼ਰ ਰਹੇ। ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੀ ਪ੍ਰਿੰਸੀਪਲ ਡਾ. ਸੰਗੀਤਾ ਬੱਗਾ ਨੇ ਵਿਗਿਆਨਕ ਤਰੀਕਿਆਂ ਰਾਹੀਂ ਡਰਾਇੰਗ, ਪ੍ਰਿੰਟਸ, ਟਰੇਸਿੰਗ ਅਤੇ ਹੋਰ ਸਮੱਗਰੀ ਦੀ ਸੰਭਾਲ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪ੍ਰਸ਼ਾਸਕ ਦੀ ਅਗਵਾਈ ਹੇਠ ਪੇਂਟਿੰਗ ਅਤੇ ਹੋਰ ਸਮੱਗਰੀ ਦੀ ਦੇਖਭਾਲ ਲਈ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਵਿੱਚ ਹੋਰਨਾਂ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਪ੍ਰਸ਼ਾਸਕ ਨੇ ਚੰਡੀਗੜ੍ਹ ਵਿਚਲੇ ਮਿਊਜ਼ੀਅਮ ਵਿੱਚ ਲੋਕਾਂ ਦੀ ਆਮਦ ਵਧਾਉਣ ਲਈ ਮਿਊਜ਼ੀਅਮ ਦਾ ਪ੍ਰਚਾਰ ਕਰਨ ’ਤੇ ਜ਼ੋਰ ਦਿੱਤਾ ਹੈ।ਯੂਟੀ ਪ੍ਰਸ਼ਾਸਕ ਦੇ ਅਧਿਕਾਰੀਆਂ ਨੇ ਮਿਊਜ਼ੀਅਮ ਤੋਂ ਬਾਅਦ ਸੁਖਨਾ ਝੀਲ ਦਾ ਦੌਰਾ ਕੀਤਾ। ਇਸ ਦੌਰਾਨ ਝੀਲ ’ਤੇ ਬਣੇ ਟਾਪੂ ’ਤੇ ਲਾਈਟਾਂ ਅਪਗਰੇਡ ਕਰਨ ਅਤੇ ਝੀਲ ’ਤੇ ਦਾਖਲੇ ਸਮੇਂ ਬਣੇ ਸਾਈਨ ਬੋਰਡ ਨੂੰ ਛੋਟਾ ਕਰਨ ਸਮੇਤ ਸਾਈਨ ਬੋਰਡ ਦੀ ਵੀ ਥਾਂ ਵੀ ਬਦਲਣ ਦੇ ਆਦੇਸ਼ ਦਿੱਤੇ।