ਮੁਕੇਸ਼ ਕੁਮਾਰ
ਚੰਡੀਗੜ੍ਹ, 9 ਸਤੰਬਰ
ਚੰਡੀਗੜ੍ਹ ਦੇ 13 ਪਿੰਡਾਂ ਵਿੱਚ ਜਲ ਸਪਲਾਈ, ਸੀਵਰੇਜ ਲਾਈਨ ਅਤੇ ਸਟਾਰਮ ਵਾਟਰ ਲਾਈਨ ਵਿਛਾਉਣ ਦਾ ਕੰਮ ਨਗਰ ਨਿਗਮ ਵਲੋਂ ਸ਼ੁੱਕਰਵਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕਾਰਜ ਦਾ ਪਿੰਡ ਬਹਿਲਾਨਾ ਵਿੱਚ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਆਨਲਾਈਨ ਨੀਂਹ ਪੱਥਰ ਰੱਖਿਆ ਜਾਵੇਗਾ। ਪਿੰਡ ਬਹਿਲਾਨਾ ਵਿੱਚ ਸੰਸਦ ਵਲੋਂ ਰਸਮੀ ਤੌਰ ’ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਬਾਕੀ 12 ਪਿੰਡਾਂ ਵਿੱਚ ਸੰਸਦ ਮੈਂਬਰ ਦੇ ਨਾਮ ਦੀ ਪੱਟੀ ਲਗਾਈ ਜਾਵੇਗੀ।
ਦੂਜੇ ਪਾਸੇ ਪਿੰਡ ਬਹਿਲਾਨਾ ਵਿੱਚ ਨਗਰ ਨਿਗਮ ਵਲੋਂ ਇੱਕ ਵੱਡੀ ਐਲਈਡੀ ਸਕਰੀਨ ਲਗਾਈ ਜਾਵੇਗੀ ਅਤੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਕਰੋਨਾ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਉਥੇ ਮੌਜੂਦ ਰਹਿਣਗੇ। ਇਸ ਤੋਂ ਬਾਅਦ ਨਿਗਮ ਦੇ ਅਧਿਕਾਰੀਆਂ ਵਲੋਂ ਬਾਕੀ ਦੇ 12 ਪਿੰਡਾਂ ਵਿੱਚ ਨੀਂਹ ਪੱਥਰ ਦੀ ਪੱਟੀ ਲਗਾਈ ਜਾਵੇਗੀ ਅਤੇ ਇਸ ਮੌਕੇ ਪਿੰਡ ਵਿਕਾਸ ਕਮੇਟੀ ਦੇ ਮੈਂਬਰ ਮੌਜੂਦ ਹੋਣਗੇ। ਦੱਸਣਯੋਗ ਹੈ ਕਿ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਪਿਛਲੇ ਡੇਢ ਸਾਲ ਤੋਂ ਵੱਧ ਸਮੇਂ ਤੋਂ ਸ਼ਹਿਰ ਵਿੱਚ ਨਹੀਂ ਹੈ ਉਹ ਆਪਣੀ ਬਿਮਾਰੀ ਨੂੰ ਲੈ ਕੇ ਮੁੰਬਈ ਵਿੱਚ ਇਲਾਜ ਕਰਵਾ ਰਹੇ ਹਨ। ਦਸੰਬਰ ਮਹੀਨੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣ ਵਾਲੀਆਂ ਹਨ, ਇਸ ਨੂੰ ਮੁੱਖ ਰੱਖਦੇ ਹੋਏ ਸੰਸਦ ਮੈਂਬਰ ਸ੍ਰੀਮਤੀ ਕਿਰਨ ਖੇਰ ਮੁੜ ਤੋਂ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਵਿੱਚ ਸਰਗਰਮ ਹੋ ਰਹੇ ਹਨ।
ਮੀਂਹ ਕਾਰਨ ਪਿੰਡ ਕਿਸ਼ਨਗੜ੍ਹ ਵਾਸੀਆਂ ਦੀ ਆਈ ਸ਼ਾਮਤ
ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਅੱਜ ਪਏ ਮੀਂਹ ਨਾਲ ਜਿਥੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਇਥੇ ਪਿੰਡ ਕਿਸ਼ਨਗੜ੍ਹ ਵਿੱਚ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਪੁੱਟੀਆਂ ਗਈਆਂ ਸੜਕਾਂ ਵਿੱਚ ਪਾਣੀ ਇਕੱਠਾ ਹੋ ਗਿਆ। ਪਾਣੀ ਭਰਨ ਕਾਰਨ ਪੁੱਟੀ ਗਈ ਸੜਕ ਵਿੱਚ ਵੱਡਾ ਪਾੜਾ ਪੈ ਗਿਆ ਅਤੇ ਇਲਾਕੇ ਦੇ ਆਸ-ਪਾਸ ਦੇ ਘਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸੀਵਰੇਜ ਲਾਈਨ ਲਈ ਪਾਈਆਂ ਗਈਆਂ ਪਾਈਪਾਂ ਵਿੱਚ ਪਾਣੀ ਅਤੇ ਮਿੱਟੀ ਭਰ ਗਈ। ਇਸ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ਅਤੇ ਮੌਕੇ ’ਤੇ ਪਹੁੰਚ ਕੇ ਜੇਸੀਬੀ ਦੀ ਸਹਾਇਤਾ ਨਾਲ ਮਿੱਟੀ ਪਾ ਕੇ ਪਾਣੀ ਦਾ ਵਹਾਅ ਇੱਕ ਪਾਸੇ ਨੂੰ ਮੋੜਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਥੇ ਸੜਕਾਂ ਦੇ ਪਹਿਲਾਂ ਹੀ ਮਾੜਾ ਹਾਲ ਸੀ ਅਤੇ ਹੁਣ ਸੀਵਰੇਜ ਵਿਛਾਉਣ ਲਈ ਪਾਈਆਂ ਜਾ ਰਹੀਆਂ ਪਾਈਪਾਂ ਨੂੰ ਲੈ ਕੇ ਕੀਤੀ ਗਈ ਖੁਦਾਈ ਵਿੱਚ ਪਾਣੀ ਇਕੱਠਾ ਹੋਣ ਕਰਕੇ ਨੇੜਲੇ ਘਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਇਕੱਠੇ ਹੋਏ ਪਾਣੀ ਨੂੰ ਕੱਢਣ ਲਈ ਨਗਰ ਨਿਗਮ ਦੇ ਕਰਮਚਾਰੀ ਕੰਮ ਰੁਝੇ ਰਹੇ।