ਆਤਿਸ਼ ਗੁਪਤਾ
ਚੰਡੀਗੜ੍ਹ, 20 ਅਕਤੂਬਰ
ਚੰਡੀਗੜ੍ਹ ਵਿੱਚ ਲਗਾਤਾਰ ਵਧ ਰਹੇ ਡੇਂਗੂ ਅਤੇ ਮਲੇਰੀਆ ਦੇ ਕੇਸਾਂ ਦੀ ਗਿਣਤੀ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਚੌਕਸ ਹੋ ਗਿਆ ਹੈ।
ਅੱਜ ਯੂਟੀ ਦੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਨੇ ਜੰਗਾਲਤ ਵਿਭਾਗ ਨਾਲ ਤਾਲਮੇਲ ਕਰ ਕੇ ਚੰਡੀਗੜ੍ਹ ਦੇ ਬਟਰਫਲਾਈ ਪਾਰਕ ਵਿੱਚ ਬਣੇ ਛੱਪੜ ਵਿੱਚ ਗੰਬੂਜ਼ੀਆ ਮੱਛੀਆਂ ਛੱਡੀਆਂ ਹਨ। ਇਸ ਮੌਕੇ ਸਕੱਤਰ (ਪਸ਼ੂ ਪਾਲਣ) ਵਿਨੋਦ ਪੀ ਕਾਵਲੇ ਅਤੇ ਡਾਇਰੈਕਟਰ (ਪਸ਼ੂ ਪਾਲਣ) ਪਾਲਿਕਾ ਅਰੋੜਾ, ਸੰਯੁਕਤ ਡਾਇਰੈਕਟਰ ਡਾ. ਕੰਵਰਜੀਤ ਸਿੰਘ ਅਤੇ ਡਿਪਟੀ ਜੰਗਾਲਤ ਅਧਿਕਾਰੀ ਡਾ. ਅਬਦੁਲ ਕਯੂਮ ਹਾਜ਼ਰ ਰਹੇ। ਡਾਇਰੈਕਟਰ ਪਾਲਿਕਾ ਅਰੋੜਾ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਵਿੱਚ ਡੇਂਗੂ ਅਤੇ ਮਲੇਰੀਆ ਦੇ ਕੇਸਾਂ ਦੀ ਰੋਕਥਾਮ ਲਈ ਯੂਟੀ ਦੇ ਪਸ਼ੂ ਪਾਲਣ ਅਤੇ ਮੱਛੀ ਵਿਭਾਗ ਵੱਲੋਂ ਸੁਖਨਾ ਰੈਗੂਲੇਟਰੀ ਐਂਡ ’ਤੇ ਸਥਿਤ ਫਿਸ਼ ਸੀਡ ਫਾਰਮ ਵਿੱਚ ਗੰਬੂਜ਼ੀਆ ਮੱਛੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਟਰਫਲਾਈ ਪਾਰਕ ਦੇ ਛੱਪੜ ਵਿੱਚ ਮੱਛੀਆਂ ਛੱਡਣ ਦੀ ਸ਼ੁਰੂਆਤ ਕਰ ਦਿੱਤੀ ਹੈ, ਹੁਣ ਸ਼ਹਿਰ ਦੇ ਹੋਰਨਾਂ ਪਾਰਕਾਂ ਵਿੱਚ ਬਣੀਆਂ ਝੀਲਾਂ, ਛੱਪੜਾਂ ਜਾਂ ਹੋਰ ਖੜ੍ਹੇ ਪਾਣੀ ਵਾਲੀਆਂ ਥਾਵਾਂ ’ਤੇ ਗੰਬੂਜ਼ੀਆ ਮੱਛੀਆਂ ਛੱਡੀਆਂ ਜਾਣਗੀਆਂ। ਡਾ. ਕੰਵਰਜੀਤ ਸਿੰਘ ਨੇ ਕਿਹਾ ਕਿ ਇਕ ਗੰਬੂਜ਼ੀਆ ਮੱਛੀ ਪ੍ਰਤੀ ਦਿਨ 100 ਤੋਂ 300 ਮੱਛਰਾਂ ਦੇ ਲਾਰਵੇ ਨੂੰ ਖਾ ਜਾਂਦੀ ਹੈ।