ਮੁਕੇਸ਼ ਕੁਮਾਰ
ਚੰਡੀਗੜ੍ਹ, 11 ਮਾਰਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮਾਰਟ ਸਿਟੀ ਚੰਡੀਗੜ੍ਹ ਨਾਲ ਜੁੜੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਇਸ ਮਹੀਨੇ ਦੇ ਅਖੀਰਲੇ ਹਫ਼ਤੇ ਚੰਡੀਗੜ੍ਹ ਫੇਰੀ ’ਤੇ ਆ ਸਕਦੇ ਹਨ। ਸੂਤਰਾਂ ਅਨੁਸਾਰ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹਿਰ ਵਿੱਚ ਸ਼ੁਰੂ ਹੋਣ ਵਾਲੇ ਨਵੇਂ ਪ੍ਰਾਜੈਕਟਾਂ ਵਿੱਚ ਇੰਟੈਲੀਜੈਂਸ ਕਮਾਂਡ ਐਂਡ ਕੰਟਰੋਲ ਸੈਂਟਰ ਸਭ ਤੋਂ ਅਹਿਮ ਹੈ। ਲਗਪਗ 274 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਪ੍ਰਾਜੈਕਟ ਨਾਲ ਸ਼ਹਿਰ ਦੀ ਟਰੈਫਿਕ ਵਿਵਸਥਾ ਸਮਾਰਟ ਸਿਸਟਮ ਪ੍ਰਣਾਲੀ ਨਾਲ ਜੁੜ ਜਾਵੇਗੀ। ਉਥੇ ਇਸ ਵਿਵਸਥਾ ਅਧੀਨ ਸ਼ਹਿਰ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਨਾਲ ਅਪਰਾਧੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਣ ਵਾਲਿਆਂ ’ਤੇ ਸਟੀਕ ਨਜ਼ਰ ਰੱਖੀ ਜਾ ਸਕੇਗੀ। ਇਸ ਦੇ ਨਾਲ ਹੀ ਟਰੈਫਿਕ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਦੇ ਆਨ-ਲਾਈਨ ਚਲਾਨ ਵੀ ਤੇਜ਼ੀ ਨਾਲ ਵਧਣਗੇ। ਇਹ ਕੈਮਰੇ ਰਾਤ ਵੇਲੇ ਵੀ ਸਪਸ਼ਟ ਤਸਵੀਰ ਲੈਣ ਦੀ ਤਕਨੀਕ ਨਾਲ ਲੈਸ ਹਨ ਅਤੇ ਮੀਂਹ ਅਤੇ ਧੁੰਧ ਵਿੱਚ ਵੀ ਇਨ੍ਹਾਂ ਦੀ ਕੁਆਲਿਟੀ ’ਤੇ ਕੋਈ ਫਰਕ ਨਹੀਂ ਪਏਗਾ। ਇਸ ਕਮਾਂਡ ਐਂਡ ਕੰਟਰੋਲ ਸੈਂਟਰ ਵਿੱਚ ਕਈਂ ਹੋਰ ਵੀ ਕਾਰਜ ਜੁੜੇ ਹੋਏ ਹੋਣਗੇ। ਸਮਾਰਟ ਸਿਟੀ ਲਿਮਟਿਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਲਗਪਗ ਪੂਰਾ ਹੋ ਚੁੱਕਿਆ ਹੈ ਅਤੇ ਛੇਤੀ ਹੀ ਇਹ ਸਮਾਰਟ ਕੈਮਰੇ ਸ਼ਹਿਰ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਸ ਪ੍ਰਾਜੈਕਟ ਦੇ ਉਦਘਾਟਨ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ ਇਥੇ ਸੈਕਟਰ 9 ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ (ਸੀਐਚਬੀ) ਦੇ ਬਣੇ ਨਵੇਂ ਭਵਨ ਦਾ ਵੀ ਉਦਘਾਟਨ ਕਰ ਸਕਦੇ ਹਨ । ਲਗਪਗ 60 ਕਰੋੜ ਰੁਪਏ ਦੀ ਲਾਗਤ ਨਾਲ ਇਹ ਭਵਨ ਤਿਆਰ ਹੋਇਆ ਹੈ। ਇਸ ਭਵਨ ਵਿੱਚ ਸੀਐਚਬੀ ਦੇ ਦਫਤਰ ਸ਼ਿਫਟ ਹੋਣਗੇ। ਇਸ ਤੋਂ ਇਲਾਵਾ ਲਗਪਗ 70 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 336 ਪੁਲੀਸ ਮੁਲਾਜ਼ਮਾਂ ਦੇ ਘਰਾਂ ਦਾ ਪ੍ਰਾਜੈਕਟ ਵੀ ਪੂਰਾ ਹੋ ਚੁੱਕਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਇਸ ਚੰਡੀਗੜ੍ਹ ਫੇਰੀ ਦੌਰਾਨ ਇਸ ਪ੍ਰਾਜੈਕਟ ਦਾ ਵੀ ਉਦਘਾਟਨ ਕਰ ਸਕਦੇ ਹਨ। ਇਸ ਪ੍ਰਾਜੈਕਟ ਦੇ ਪੂਰੇ ਹੋਣ ਤੋਂ ਬਾਅਦ ਹੁਣ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਸਰਕਾਰੀ ਮਕਾਨ ਦਾ ਇੰਤਜ਼ਾਰ ਲਗਪਗ ਖਤਮ ਹੋ ਜਾਵੇਗਾ। ਇਹ ਮਕਾਨ ਨੂੰ ਪੁਲੀਸ ਮੁਲਾਜ਼ਮਾਂ ਨੂੰ ਅਲਾਟ ਕੀਤੇ ਜਾਣਗੇ। ਇਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਕਰਨ ਦੇ ਨਾਲ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਕੁਝ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਚੰਡੀਗੜ੍ਹ ਦੇ ਸਾਰੇ ਪਿੰਡਾਂ ਨੂੰ ਨਹਿਰੀ ਪਾਣੀ ਉਪਲਬਧ ਕਰਵਾਉਣ ਦਾ ਪ੍ਰਾਜੈਕਟ ਵੀ ਲਗਪਗ ਤਿਆਰ ਹੈ। ਇਸ ਪ੍ਰਾਜੈਕਟ ਤਹਿਤ ਸੈਕਟਰ 39 ਵਾਟਰ ਵਰਕਸ ਤੋਂ ਇਹ ਪਾਣੀ ਦੀ ਸਪਲਾਈ ਪਿੰਡਾਂ ਵਿੱਚ ਪੁੱਜੇਗੀ। ਇਸੇ ਤਰ੍ਹਾਂ ਇਥੇ ਸੈਕਟਰ 50 ਸਥਿਤ ਸਰਕਾਰੀ ਕਾਮਰਸ ਕਾਲਜ ਵਿੱਚ ਤਿਆਰ ਹਾਸਟਲ ਬਲਾਕ, ਸ਼ਹਿਰ ਦੇ ਦੋ ਸਰਕਾਰੀ ਸਕੂਲਾਂ ਅਤੇ ਇਥੇ ਸੈਕਟਰ 17 ਵਿੱਚ ਤਿਆਰ ਅਰਬਨ ਪਾਰਕ ਦਾ ਵੀ ਗ੍ਰਹਿ ਮੰਤਰੀ ਤੋਂ ਉਦਘਾਟਨ ਕਰਵਾਉਣ ਦੀ ਤਿਆਰੀ ਹੈ।