ਮੁੱਖ ਅੰਸ਼
- ਰਾਫੇਲ, ਚਿਨੂਕ ਹੈਲੀਕਾਪਟਰ ਅਤੇ ਬੈਂਡ ਨੇ ਦਿੱਤੀ ਲਾਜਵਾਬ ਪੇਸ਼ਕਾਰੀ
- ਸੁਖਨਾ ਟਾਪੂ ’ਤੇ ਦਿਖਾਏ ਜੰਗ ਦੇ ਦ੍ਰਿਸ਼ ਨੇ ਮੋਹ ਲਿਆ ਲੋਕਾਂ ਦਾ ਮਨ
ਆਤਿਸ਼ ਗੁਪਤਾ
ਚੰਡੀਗੜ੍ਹ, 22 ਸਤੰਬਰ
ਭਾਰਤੀ ਹਵਾਈ ਸੈਨਾ ਵੱਲੋਂ 1971 ਦੀ ਜੰਗ ਦੀ ਜਿੱਤ ਦੀ ਖੁਸ਼ੀ ਅਤੇ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਏਅਰ ਸ਼ੋਅ ਕੀਤਾ ਗਿਆ। ਇਸ ਸ਼ੋਅ ਦੌਰਾਨ ਰਾਫੇਲ, ਚਿਨੂਕ, ਹੈਲੀਕਾਪਟਰ ’ਤੇ ਭਾਰਤੀ ਸੈਨਾ ਦੇ ਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਆਰਲੇਕਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਅਤੇ ਅਧਿਕਾਰੀ ਵੀ ਹਾਜ਼ਰ ਸਨ।
ਸੂਰਿਆ ਕਿਰਨ ਏਅਰ ਸ਼ੋਅ ਵਿੱਚ ਭਾਰਤ ਦਾ ਰਾਫੇਲ ਜਹਾਜ਼ ਅਸਮਾਨ ਵਿੱਚ ਹਜ਼ਾਰਾਂ ਫੁੱਟ ਉਚਾਈ ’ਤੇ ਆਪਣਾ ਜਲਵਾ ਬਿਖੇਰਦਾ ਦਿਖਾਈ ਦਿੱਤਾ ਜਿਸ ਨੂੰ ਦੇਖ ਕੇ ਬੱਚਿਆਂ ਦੇ ਚਿਹਰੇ ਖਿੜ ਗਏ ਜੋ ਕਿ ਸ਼ੋਰ ਮਚਾ ਕੇ ਜਵਾਨਾਂ ਦੀ ਹੌਸਲਾਅਫ਼ਜ਼ਾਈ ਕਰ ਰਹੇ ਹਨ। ਦੋ ਪੱਖਿਆਂ ਵਾਲਾ ਹੈਲੀਕਾਪਟਰ ਚਿਨੂਕ ਹੈਲੀਕਾਪਟਰ ’ਤੇ ਭਾਰਤੀ ਸੈਨਾ ਦੇ ਜਵਾਨਾਂ ਨੇ ਦਿਨ ਛੂਹ ਲੈਣ ਵਾਲੀ ਪੇਸ਼ਕਾਰੀ ਦਿੱਤੀ। ਇਸ ਮੌਕੇ ਸੁਖਨਾ ਝੀਲ ਦੇ ਐਨ ਵਿਚਾਲੇ ਸਥਿਤ ਟਾਪੂ ’ਤੇ ਅਤਿਵਾਦੀਆਂ ਤੋਂ ਨਜਿੱਠਣ ਲਈ ਭਾਰਤੀ ਸੈਨਾ ਵੱਲੋਂ ਕੀਤੀ ਜਾਂਦੀ ਜ਼ੋਰ- ਅਜ਼ਮਾਈਸ਼ ਦਾ ਦ੍ਰਿਸ਼ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਦੇ ਅਖੀਰ ਵਿੱਚ ਭਾਰਤੀ ਸੈਨਾ ਦੇ ਬੈਂਡ ਨੇ ਲਾਜਵਾਬ ਪੇਸ਼ਕਾਰੀ ਦਿੱਤੀ।
ਭਾਰਤੀ ਹਵਾਈ ਸੈਨਾ ਦੇ ਇਸ ਏਅਰ ਸ਼ੋਅ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਲੋਕਾਂ ਦੀ ਭੀੜ ਨਾਲ ਸੁਖਨਾ ਝੀਲ ਨੇ ਵੱਡੇ ਸਟੇਡੀਅਮ ਦਾ ਰੂਪ ਧਾਰ ਲਿਆ। ਇਸ ਦੌਰਾਨ ਸੁਖਨਾ ’ਤੇ ਸ਼ੁਰੂ ਤੋਂ ਲੈ ਕੇ ਰੈਗੂਲੇਟਰੀ ਐਂਡ ਤੱਕ ਪੈਰ ਰੱਖਣ ਲਈ ਥਾਂ ਨਹੀਂ ਸੀ ਬਚੀ। ਇਹੀ ਨਹੀਂ ਲੋਕ ਪਾਣੀ ਦੇ ਕੰਢੇ ਬੈਠ ਕੇ ਏਅਰ ਸ਼ੋਅ ਦਾ ਆਨੰਦ ਮਾਣ ਰਹੇ ਸਨ। ਇਸ ਮੌਕੇ ਬੱਚਿਆਂ ਨੇ ਸੈਨਾ ਦੇ ਪ੍ਰਦਰਸ਼ਨ ਦਾ ਆਨੰਦ ਮਾਣਿਆ ਅਤੇ ਕਈ ਬੱਚੇ ਭਾਰਤੀ ਸੈਨਾ ਵਿੱਚ ਜਾਣ ਦੀਆਂ ਗੱਲਾਂ ਕਰਦੇ ਦਿਖਾਈ ਦਿੱਤੇ। ਏਅਰ ਸ਼ੋਅ ਦੀਆਂ ਤਿਆਰੀਆਂ ਲਈ ਸਵੇਰ ਤੋਂ ਹੀ ਸੁਖਨਾ ਝੀਲ ਨੂੰ ਜਾਣ ਵਾਲੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸੂਰਿਆ ਕਿਰਨ ਦਾ ਪ੍ਰਦਰਸ਼ਨ ਰੱਦ ਹੋਣ ਕਰ ਕੇ ਬੱਚੇ ਨਿਰਾਸ਼
ਭਾਰਤੀ ਹਵਾਈ ਸੈਨਾ ਵੱਲੋਂ ਲੰਘੇ ਦਿਨ ਕੀਤੀ ਗਈ ਇਸ ਹਵਾਈ ਸ਼ੋਅ ਦੀ ਰਿਹਰਸਲ ਦੌਰਾਨ ਸੂਰਿਆ ਕਿਰਨ ਦੀ ਪੇਸ਼ਕਾਰੀ ਕੀਤੀ ਗਈ ਸੀ ਜਿਸ ਵਿੱਚ ਜਹਾਜ਼ਾਂ ਦੇ ਵੱਡੇ ਕਾਫਲੇ ਅਸਮਾਨ ਵਿੱਚ ਰੰਗ ਬਿਖੇਰਦੇ ਦਿਖਾਈ ਦੇ ਰਹੇ ਸਨ ਪਰ ਅੱਜ ਮੌਸਮ ਖਰਾਬ ਹੋਣ ਕਾਰਨ ਸੂਰਿਆ ਕਿਰਨ ਦੀ ਪੇਸ਼ਕਾਰੀ ਰੱਦ ਕਰਨੀ ਪਈ। ਇਸ ਕਰ ਕੇ ਬੱਚਿਆਂ ਦੇ ਚਿਹਰੇ ’ਤੇ ਨਿਰਾਸ਼ਾ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਇਕ ਘੰਟੇ ਦੇ ਸ਼ੋਅ ਨੂੰ ਸਿਰਫ਼ 40 ਮਿੰਟ ਵਿੱਚ ਹੀ ਖਤਮ ਕਰ ਦਿੱਤਾ ਗਿਆ।
40 ਮਿੰਟ ਦੇ ਸ਼ੋਅ ਤੋਂ ਬਾਅਦ ਇਕ ਘੰਟੇ ਲੱਗਿਆ ਜਾਮ
ਭਾਰਤੀ ਹਵਾਈ ਸੈਨਾ ਵੱਲੋਂ ਯੂਟੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੁਖਨਾ ਝੀਲ ’ਤੇ ਕੀਤੇ ਗਏ ਏਅਰ ਸ਼ੋਅ ਲਈ ਸੁਖਨਾ ਲੇਕ ਕਲੱਬ ਨੇੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਜਦਕਿ ਆਮ ਲੋਕਾਂ ਦੇ ਬੈਠਣ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਖੱਜਲ-ਖੁਆਰ ਹੁੰਦੇ ਦਿਖਾਏ ਦਿੱਤੇ। ਲੋਕ ਦਰਖੱਤਾਂ ’ਤੇ ਚੜ੍ਹ ਕੇ ਸੈਨਾ ਦੇ ਪ੍ਰਦਰਸ਼ਨ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ। 40 ਮਿੰਟ ਦੇ ਇਸ ਸ਼ੋਅ ਤੋਂ ਬਾਅਦ ਤੋਂ ਬਾਅਦ ਸੁਖਨਾ ਝੀਲ ਵੱਲ ਜਾਂਦੀਆਂ ਸਾਰੀਆਂ ਸੜਕਾਂ ’ਤੇ ਇਕ ਘੰਟਾ ਜਾਮ ਲੱਗਿਆ ਰਿਹਾ ਜੋ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਖੁੱਲ੍ਹਵਾਇਆ ਜਾ ਸਕਿਆ।