ਪੱਤਰ ਪ੍ਰੇਰਕ
ਜ਼ੀਰਕਪੁਰ, 12 ਜੂਨ
ਇਥੋਂ ਦੀ ਐਰੋ ਸਿਟੀ ਰੋਡ ’ਤੇ ਇਕ 15 ਸਾਲਾ ਨਾਬਾਲਗ ਲੜਕੀ ਤੋਂ ਇਕ ਹਥਿਆਰਬੰਦ ਲੁੂਟੇਰੇ ਨੇ ਪਿਸਤੌਲ ਦਿਖਾ ਕੇ ਐਕਟਿਵਾ ਖੋਹ ਲਿਆ। ਮੁਲਜ਼ਮ ਮੌਕੇ ’ਤੇ ਚੋਰੀ ਦਾ ਐਕਟਿਵਾ ਛੱਡ ਗਿਆ ਜਦਕਿ ਲੜਕੀ ਦਾ ਐਕਟਿਵਾ ਨਾਲ ਲੈ ਗਿਆ। ਪੁਲੀਸ ਨੇ ਅਣਪਛਾਤੇ ਲੁਟੇਰੇ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜਸਲੀਨ ਕੌਰ ਨੇ ਦੱਸਿਆ ਕਿ ਉਹ ਐਰੋ ਸਿਟੀ ਦੇ ਆਈ ਬਲਾਕ ਵਿੱਚ ਰਹਿੰਦੀ ਹੈ। ਦੁਪਹਿਰ ਕਰੀਬ ਡੇਢ ਵਜੇ ਉਹ ਐਕਟਿਵਾ ’ਤੇ ਘਰ ਦੇ ਨੇੜੇ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈ ਕੇ ਆ ਰਹੀ ਸੀ। ਇਸ ਦੌਰਾਨ ਇਕ ਦਰਖ਼ਤ ਦੇ ਹੇਠਾਂ ਖੜ੍ਹੇ ਅਧੇੜ ਉਮਰ ਦੇ ਵਿਅਕਤੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਹ ਉਸ ਦੀ ਮਦਦ ਕਰਨ ਦੀ ਨੀਅਤ ਨਾਲ ਉਸ ਕੋਲ ਰੁਕੀ ਤਾਂ ਉਸ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਹੱਟ ਕੇ ਮੋਬਾਈਲ ਬਚਾ ਲਿਆ। ਇਸ ਮਗਰੋਂ ਉੱਕਤ ਵਿਅਕਤੀ ਨੇ ਆਪਣੇ ਬੈਗ ਵਿੱਚੋਂ ਇਕ ਪਿਸਤੌਲ ਕੱਢ ਕੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਹ ਗੋਲੀ ਮਾਰ ਦੇਵੇਗਾ। ਇਸ ਮਗਰੋਂ ਉਹ ਉਸ ਦਾ ਐਕਟਿਵਾ ਲੈ ਕੇ ਫ਼ਰਾਰ ਹੋ ਗਿਆ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਜਿਹੜਾ ਐਕਟਿਵਾ ਛੱਡ ਗਿਆ ਹੈ ਉਹ ਵੀ ਚੋਰੀ ਦਾ ਹੈ।