ਆਤਿਸ਼ ਗੁਪਤਾ
ਚੰਡੀਗੜ੍ਹ, 26 ਮਈ
ਇਥੋਂ ਦੇ ਸੈਕਟਰ 17-18 ਚੌਕ ’ਤੇ ਅੱਜ ਐੱਸਯੂਵੀ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਵੈਂਡਰ ਦੀ ਮੌਤ ਹੋ ਗਈ। ਥਾਰ ਚਾਲਕ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਤੇ ਐਕਟਿਵਾ ਸਵਾਰ ਨੂੰ ਕਾਫੀ ਦੂਰ ਤਕ ਘਸੀਟਦਾ ਲੈ ਗਿਆ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਰਾਣਾ (48) ਵਾਸੀ ਉੱਤਰਾਖੰਡ ਹਾਲ ਵਾਸੀ ਪਿੰਡ ਕਿਸ਼ਨਗੜ੍ਹ ਵਜੋਂ ਹੋਈ ਹੈ। ਚੰਡੀਗੜ੍ਹ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸਵੇਰੇ ਅਖਬਾਰਾਂ ਵੰਡਣ ਦਾ ਕੰਮ ਕਰਦਾ ਸੀ। ਉਹ ਸਵੇਰੇ 5 ਵਜੇ ਘਰੋਂ ਨਿਕਲ ਕੇ ਸੈਕਟਰ-22 ਵੱਲ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਥਾਰ ਚਾਲਕ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਥਾਰ ਚਾਲਕ ਉਸ ਨੂੰ ਕਾਫੀ ਦੂਰ ਘਸੀਟਦਾ ਲੈ ਗਿਆ ਤੇ ਹਾਦਸੇ ਮਗਰੋਂ ਥਾਰ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਬਲਬੀਰ ਸਿੰਘ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਸੈਕਟਰ 17 ਦੀ ਪੁਲੀਸ ਨੇ ਥਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਬਲਬੀਰ ਸਿੰਘ ਰਾਣਾ ਦੇ ਤਿੰਨ ਬੱਚੇ ਹਨ। ਚੰਡੀਗੜ੍ਹ ਪੁਲੀਸ ਨੇ ਥਾਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਤੇਜ਼ ਰਫਤਾਰੀ ਕਾਰਨ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ ਤੇ ਪੁਲੀਸ ਨੂੰ ਡਿਫਾਲਟਰ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਤੇਜ਼ ਕਰਨੀ ਚਾਹੀਦੀ ਹੈ।