ਪੱਤਰ ਪ੍ਰੇਰਕ
ਚੰਡੀਗੜ੍ਹ, 19 ਅਪਰੈਲ
ਚੰਡੀਗੜ੍ਹ ਨਗਰ ਨਿਗਮ ਨੇ ਧਰਤੀ ਹੇਠਲੇ ਪਾਣੀ ਦੀ ਗੈਰ-ਕਾਨੂੰਨੀ ਨਿਕਾਸੀ ਅਤੇ ਵਪਾਰਕ ਮੰਤਵਾਂ ਲਈ ਵਰਤੋਂ ਕਰਨ ਵਾਲੇ ਠੇਕੇਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਅੱਜ ਪਿੰਡ ਦੜੂਆ, ਮੌਲ਼ੀ ਰੋਡ ਚੰਡੀਗੜ੍ਹ ਅਤੇ ਕਜਹੇੜੀ ਪਿੰਡ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਾਣੀ ਟੈਂਕਰ ਦੇ ਪ੍ਰਾਈਵੇਟ ਠੇਕੇਦਾਰ ਖਿਲਾਫ਼ ਕੇਸ ਦਰਜ ਕਰਵਾਏ ਹਨ। ਵੇਰਵਿਆਂ ਮੁਤਾਬਕ ਨਿਗਮ ਦੇ ਇੰਜਨੀਅਰਾਂ ਦੀ ਟੀਮ ਨੇ ਪਿੰਡ ਦੜੂਆ ਵਿਖੇ ਚੈਕਿੰਗ ਕੀਤੀ ਜਿਸ ਦੌਰਾਨ ਮਹਾਂਦੇਵ ਸਰਵਿਸ ਸਟੇਸ਼ਨ, ਹਰੇ ਕ੍ਰਿਸ਼ਨਾ ਸਰਵਿਸ ਸਟੇਸ਼ਨ ਅਤੇ ਮਨੂ ਸਰਵਿਸ ਆਟੋ ਸੈਂਟਰ ਵਿਖੇ ਪਾਣੀ ਨਾਲ ਕਾਰਾਂ ਅਤੇ ਹੋਰ ਵਪਾਰਕ ਵਹੀਕਲ ਧੋਏ ਜਾ ਰਹੇ ਸਨ। ਇੰਜਨੀਅਰਾਂ ਦੀ ਟੀਮ ਨੇ ਤੁਰੰਤ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਅਤੇ ਪੁਲਿਸ ਥਾਣੇ ਵਿੱਚ ਡੀ.ਡੀ.ਆਰ. ਦਰਜ ਕਰਵਾਈ। ਟੀਮ ਨੇ ਪਿੰਡ ਕਜਹੇੜੀ ਵਿਖੇ ਟਿਵਾਣਾ ਟੈਂਕਰਾਂ ਤੋਂ ਬੋਰਵੈੱਲ ਵੀ ਹਟਾਇਆ ਤੇ ਡੀਡੀਆਰ ਵੀ ਕਰਵਾਈ।
ਜ਼ਮੀਨੀ ਪਾਣੀ ਦੀ ਬੇਲੋੜੀ ਨਿਕਾਸੀ ਨੂੰ ਰੋਕਣ ਦੇ ਮਿਸ਼ਨ ਤਹਿਤ, ਐਮਸੀਸੀ ਨੇ ਲਾਲਡੋਰਾ ਦੇ ਬਾਹਰ ਪਿੰਡ ਡੱਡੂਮਾਜਰਾ, ਡੱਡੂਮਾਜਰਾ ਕਲੋਨੀ, ਕਜਹੇੜੀ, ਕਿਸ਼ਨਗੜ੍ਹ, ਦੜੂਆ, ਧਨਾਸ ਤੇ ਸਾਰੰਗਪੁਰ ਸਣੇ ਲਗਭਗ 8 ਟਿਊਬਵੈੱਲਾਂ ਦੀ ਪਤਾ ਲਗਾਇਆ ਜੋ ਕਿ ਪਾਣੀ ਦੇ ਟੈਂਕਰ ਭਰ ਕੇ ਲੋਕਾਂ ਨੂੰ ਪੀਣ ਲਈ ਅਤੇ ਹੋਰ ਮੰਤਵਾਂ ਲਈ ਸਪਲਾਈ ਕਰ ਰਹੇ ਸਨ। ਨਿਗਮ ਨੇ ਟਿਊਬਵੈੱਲਾਂ ਦੀ ਮਨਜ਼ੂਰੀ ਦੀ ਜਾਂਚ ਕਰਨ ਅਤੇ ਉਸ ਅਨੁਸਾਰ ਲੋੜੀਂਦੀ ਕਾਰਵਾਈ ਕਰਨ ਲਈ ਮੁੱਖ ਇੰਜੀਨੀਅਰ ਯੂਟੀ ਚੰਡੀਗੜ੍ਹ ਕੋਲ ਮਾਮਲਾ ਚੁੱਕਿਆ ਹੈ।