ਮੁਕੇਸ਼ ਕੁਮਾਰ
ਚੰਡੀਗੜ੍ਹ, 16 ਜੁਲਾਈ
ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਸੰਦੀਪ ਭਾਰਦਵਾਜ ਨੇ ਸ਼ਹਿਰ ਵਿੱਚ ਬਰਾਡਬੈਂਡ ਇੰਟਰਨੈੱਟ ਸੇਵਾਵਾਂ ਲਈ ਵਿਛਾਈ ਗਈ ਓਵਰਹੈੱਡ ਕੇਬਲ ਲਈ ਲੋੜੀਂਦੀ ਆਗਿਆ ਤੇ ਸਰਕਾਰੀ ਫੀਸ ਨਾ ਵਸੂਲੇ ਜਾਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਇਸ ਸਬੰਧੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨੂੰ ਭੇਜੀ ਈਮੇਲ ਵਿੱਚ ਲਿਖਿਆ ਹੈ ਕਿ ਚੰਡੀਗੜ੍ਹ ’ਚ ਇੱਕ ਬਰਾਡਬੈਂਡ ਕੇਬਲ ਨੈੱਟਵਰਕ ਆਪਰੇਟਰ ਵੱਲੋਂ ਸ਼ਹਿਰ ’ਚ ਓਵਰਹੈੱਡ ਕੇਬਲ ਵਿਛਾਉਣ ਲਈ ਕਥਿਤ ਤੌਰ ’ਤੇ ਘਪਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਈ-ਮੇਲ ਵਿੱਚ ਸ਼ਹਿਰ ਦੇ ਕਈ ਸੈਕਟਰਾਂ ਬਾਰੇ ਲਿਖਿਆ ਕਿ ਕੇਬਲ ਆਪਰੇਟਰ ਵਲੋਂ ਇਹਨਾਂ 27 ਇਲਾਕਿਆਂ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਚੰਡੀਗੜ੍ਹ ਨਗਰ ਨਿਗਮ ਅਤੇ ਚੰਡੀਗੜ੍ਹ ਹਾਊਸਿੰਗ ਬੋਰਡ ਜਾਂ ਸ਼ਹਿਰ ਦੀ ਕਿਸੇ ਹੋਰ ਸਮਰੱਥਾਵਾਨ ਅਥਾਰਿਟੀ ਵੱਲੋਂ ਬਰਾਡਬੈਂਡ ਦੇ ਸਿਗਨਲ ਲਈ ਜ਼ਰੂਰੀ ਓਵਰਹੈੱਡ ਕਬੇਲ ਵਿਛਾਉਣ ਦੀ ਆਗਿਆ ਨਹੀਂ ਲਈ ਗਈ ਅਤੇ ਨਾ ਹੀ ਇਸ ਕੰਪਨੀ ਵੱਲੋਂ ਓਵਰਹੈੱਡ ਕੇਬਲ ਵਿਛਾਉਣ ਲਈ ਬਣਦੀ ਜ਼ਰੂਰੀ ਫੀਸ ਜਮ੍ਹਾਂ ਕਰਵਾਈ ਗਈ ਹੈ। ਉਨ੍ਹਾਂ ਇਸ ਘਪਲੇ ਦੀ ਜਾਂਚ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਣ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।