ਅਜੈ ਮਲਹੋਤਰਾ/ਹਿਮਾਂਸ਼ੂ ਸੂਦ
ਸ੍ਰੀ ਫ਼ਤਹਿਗੜ੍ਹ ਸਾਹਿਬ, 13 ਮਈ
ਸਾਲ 2020 ’ਚ ਸਰਹਿੰਦ ਨੇੜਲੇ ਪਿੰਡਾਂ ਜੱਲ੍ਹਾ ਅਤੇ ਤਰਖਾਣਮਾਜਰਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਮਾਮਲਿਆਂ ’ਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮ ਸਰਬਜੀਤ ਸਿੰਘ ਵਾਸੀ ਪਿੰਡ ਬਿਰੜਵਾਲ ਨੂੰ ਅੱਜ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਇਸ ਵਿਅਕਤੀ ਨੂੰ ਪਿੰਡ ਤਰਖਾਣਮਾਜਰਾ ਦੇ ਗੁਰਦੁਆਰੇ ਦੇ ਗ੍ਰੰਥੀ ਅਤੇ ਲੋਕਾਂ ਨੇ ਕਥਿਤ ਤੌਰ ’ਤੇ ਬੇਅਦਬੀ ਕਰਦੇ ਹੋਏ ਮੌਕੇ ਤੋਂ ਕਾਬੂ ਕਰ ਕੇ ਸਰਹਿੰਦ ਪੁਲੀਸ ਦੇ ਹਵਾਲੇ ਕੀਤਾ ਸੀ। ਮੁਲਜ਼ਮ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਸਿੱਖ ਸੰਗਤਾਂ ਵੱਲੋਂ ਇਲਾਕੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਜ਼ਮਾਨਤ ’ਤੇ ਚੱਲ ਰਹੇ ਸਹਿਜਵੀਰ ਸਿੰਘ ਨੂੰ ਹੁਣ ਤੱਕ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਹੀ ਅਦਾਲਤ ’ਚ ਪੇਸ਼ ਕੀਤਾ ਜਾਂਦਾ ਰਿਹਾ ਹੈ।
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਮਲੇ ਦੀ ਪੈਰਵਾਈ ਕਰ ਰਹੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਇਸ ਘਟਨਾ ਦੇ ਮੌਕੇ ਦੇ ਗਵਾਹ ਗ੍ਰੰਥੀ ਮਲਕੀਤ ਸਿੰਘ ਅਤੇ ਉਨਾਂ ਦਾ ਪੁੱਤਰ ਮਨਜੋਤ ਸਿੰਘ ਵੀ ਅੱਜ ਅਦਾਲਤ ’ਚ ਹਾਜ਼ਰ ਸਨ। ਗੁਰਦੁਆਰੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀਡੀਓ ਰਿਕਾਰਡਿੰਗ ਵੀ ਅਦਾਲਤ ਨੂੰ ਦਿਖਾਈ ਗਈ ਤੇ ਇਸ ਕਾਂਡ ’ਚ ਵਰਤੀ ਗਈ ਕਾਰ ਵੀ ਅਦਾਲਤ ’ਚ ਪੇਸ਼ ਕੀਤੀ ਗਈ। ਇਸ ਕੇਸ ਦੀ ਅਗਲੀ ਸੁਣਵਾਈ 21 ਜੁਲਾਈ ਨੂੰ ਹੋਵੇਗੀ।
ਹਰਵੀਰ ਸਿੰਘ ਦੇ ਹੱਕ ’ਚ ਨਿੱਤਰੀਆਂ ਪੰਥਕ ਜਥੇਬੰਦੀਆਂ
ਮੋਰਿੰਡਾ (ਸੰਜੀਵ ਤੇਜਪਾਲ): ਪੰਥਕ ਜਥੇਬੰਦੀਆਂ ਹਰਵੀਰ ਸਿੰਘ ਦੇ ਹੱਕ ’ਚ ਨਿੱਤਰੀਆਂ ਹਨ। ਹਰਵੀਰ ਸਿੰਘ ਨੂੰ ਹਿਮਾਚਲ ਪ੍ਰਦੇਸ਼ ਪੁਲੀਸ ਨੇ ਧਰਮਸ਼ਾਲਾ ਵਿੱਚ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਕਾਨੂੰਨੀ ਸਹਇਤਾ ਲਈ ਜਥੇਬੰਦੀਆਂ ਨੇ ਉਸ ਦੀ ਮਾਤਾ ਨਾਲ ਮੁਲਾਕਾਤ ਕੀਤੀ। ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ ਨੇ ਆਪਣੇ ਸਾਥੀਆਂ ਨਾਲ ਹਰਵੀਰ ਸਿੰਘ ਦੀ ਮਾਤਾ ਲਾਭ ਕੌਰ ਤੋਂ ਹਰਵੀਰ ਸਿੰਘ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦਾ ਝੰਡਾ ਲਹਿਰਾਉਣਾ ਜਾਂ ਖਾਲਿਸਤਾਨ ਦਾ ਨਾਅਰਾ ਲਗਾਉਣਾ ਕੋਈ ਗ਼ੈਰਕਾਨੂੰਨੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਫ਼ੈਸਲਾ ਸਾਲ 2008 ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਇਆ ਜਾ ਚੁੱਕਾ ਹੈ। ਉਨ੍ਹਾਂ ਨੇ ਮਾਤਾ ਲਾਭ ਕੌਰ ਨੂੰ ਭਰੋਸਾ ਦਿੱਤਾ ਕਿ ਉਹ ਹਰਵੀਰ ਸਿੰਘ ਦੇ ਕੇਸ ਦੀ ਅਕਾਲੀ ਦਲ (ਅ) ਵੱਲੋਂ ਪੈਰਵਾਈ ਕਰਨਗੇ ਅਤੇ ਉਸ ਦੀ ਜਲਦ ਰਿਹਾਈ ਲਈ ਯਤਨ ਕਰਨਗੇ।