ਕਰਮਜੀਤ ਸਿੰਘ ਚਿੱਲਾ
ਬਨੂੜ, 13 ਸਤੰਬਰ
ਟਰੱਕ ਯੂਨੀਅਨ ਬਨੂੜ ਦੇ ਪ੍ਰਧਾਨ ਕੁਲਵਿੰਦਰ ਸਿੰਘ, ਚੇਅਰਮੈਨ ਬਲਵਿੰਦਰ ਸਿੰਘ, ਸਲਾਹਕਾਰ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਅਮਰੀਕ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਮੋਬਾਈਲ ਵਿੰਗ ਦੇ ਈਟੀਓ ’ਤੇ ਬਨੂੜ ਤੋਂ ਦਿੱਲੀ ਸ਼ਰਾਬ ਲਿਜਾ ਰਹੇ ਇੱਕ ਟਰੱਕ ਨੂੰ ਬਿਨਾਂ ਕਾਰਨ ਜ਼ਬਤ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ ਦੁਪਹਿਰ 1 ਵਜੇ ਟਰੱਕ ਡਰਾਈਵਰ ਰਾਜਦੀਪ ਸਿੰਘ ਨੇ ਬਨੂੜ ਦੀ ਸ਼ਰਾਬ ਫੈਕਟਰੀ ਤੋਂ ਦਿੱਲੀ ਲਈ ਸ਼ਰਾਬ ਲੋਡ ਕੀਤੀ ਸੀ, ਜਿਸ ਦੇ ਐਕਸਾਈਜ਼ ਦੇ ਸਮੁੱਚੇ ਕਾਗਜ਼ ਅਤੇ ਪਰਮਿਟ ਵਗੈਰਾ ਪੂਰੇ ਸਨ। ਉਨ੍ਹਾਂ ਕਿਹਾ ਕਿ ਈਟੀਓ ਆਪਣੀ ਗੱਡੀ ਨਾਲ ਬਨੂੜ ਬੈਰੀਅਰ ਦੇ ਓਵਰਬਰਿੱਜ ਥੱਲੇ ਖੜ੍ਹਾ ਸੀ। ਉਨ੍ਹਾਂ ਕਿਹਾ ਕਿ ਟਰੱਕ ਨੂੰ ਦਿੱਲੀ ਵੱਲ ਮੁੜਨ ਲਈ ਦਿੱਕਤ ਆ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਟਰੱਕ ਡਰਾਈਵਰ ਵੱਲੋਂ ਗੱਡੀ ਇੱਕ ਪਾਸੇ ਕਰਨ ਲਈ ਕਹਿਣ ’ਤੇ ਹੀ ਈਟੀਓ ਨੇ ਗੁੱਸਾ ਕਰਦਿਆਂ ਗੱਡੀ ਰੋਕ ਲਈ। ਉਨ੍ਹਾਂ ਦੋਸ਼ ਲਾਇਆ ਕਿ ਈਟੀਓ ਨੇ ਕਾਰ ਸੜਕ ਵਿਚਾਲੇ ਲਾ ਕੇ ਆਵਾਜਾਈ ਵਿੱਚ ਵੀ ਵਿਘਨ ਪਾਇਆ ਅਤੇ ਡਰਾਈਵਰ ਤੋਂ 50 ਹਜ਼ਾਰ ਵੀ ਮੰਗੇ। ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮਗਰੋਂ ਈਟੀਓ ਨੇ ਕਾਗਜ਼ ਮੰਗੇ ਜਿਸ ’ਤੇ ਡਰਾਈਵਰ ਨੇ ਸਾਰੇ ਕਾਗਜ਼ ਵਿਖਾਏ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਕਤ ਟਰੱਕ ਨੂੰ ਈਟੀਓ ਆਪਣੇ ਡਰਾਈਵਰ ਰਾਹੀਂ ਸ਼ੰਭੂ ਸਥਿਤ ਦਫ਼ਤਰ ਲੈ ਗਿਆ ਤੇ ਕੱਲ੍ਹ ਦਾ ਟਰੱਕ ਉੱਥੇ ਹੀ ਖੜ੍ਹਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਸਾਰੇ ਮਾਮਲੇ ਵਿੱਚ ਦਖਲ ਦੀ ਮੰਗ ਕਰਦਿਆਂ ਬਿਨਾਂ ਵਜਾ ਟਰੱਕ ਜ਼ਬਤ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਟਰੱਕ ਡਰਾਈਵਰ ਨੇ ਨਹੀਂ ਦਿੱਤਾ ਸਹਿਯੋਗ: ਈਟੀਓ
ਈਟੀਓ ਨਵਜੋਤ ਸਿੰਘ ਨੇ ਟਰੱਕ ਯੂਨੀਅਨ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਸ਼ੇਸ਼ ਇਤਲਾਹ ਉੱਤੇ ਮਾਲ ਢੋਹਣ ਵਾਲੀਆਂ ਗੱਡੀਆਂ ਦੀ ਵਿਭਾਗੀ ਐਪ ਉੱਤੇ ਨੰਬਰ ਦਰਜ ਕਰ ਕੇ ਜਾਂਚ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਬੰਧਤ ਗੱਡੀ ਦਾ ਨੰਬਰ ਦਰਜ ਕਰਨ ਉੱਤੇ ਈ-ਬਿੱਲ ਸ਼ੋਅ ਨਹੀਂ ਹੋ ਰਿਹਾ ਸੀ, ਜਿਸ ਕਾਰਨ ਕਾਗਜ਼ਾਤ ਚੈੱਕ ਕਰਨ ਲਈ ਗੱਡੀ ਰੋਕੀ ਗਈ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਨੇ ਉਨ੍ਹਾਂ ਨੂੰ ਕਾਗਜ਼ਾਤ ਨਹੀਂ ਵਿਖਾਏ। ਉਨ੍ਹਾਂ ਕਿਹਾ ਕਿ ਗੱਡੀ ਦੇ ਸਾਮਾਨ ਦੀ ਵੈਰੀਫ਼ਿਕੇਸ਼ਨ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ, ਹੋਰ ਕੋਈ ਚਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਡਰਾਈਵਰ ਰਾਹੀਂ ਹੀ ਗੱਡੀ ਯਾਰਡ ਤੱਕ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਅੱਜ ਤੱਕ ਵੀ ਕਾਗਜ਼ਾਤ ਦੀ ਵੈਰੀਫ਼ਿਕੇਸ਼ਨ ਨਹੀਂ ਕਰਾਈ ਗਈ। ਉਨ੍ਹਾਂ ਪੈਸੇ ਮੰਗਣ ਅਤੇ ਗੁੱਸੇ ਵਿੱਚ ਗੱਡੀ ਜ਼ਬਤ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਨ੍ਹਾਂ ਕਿਹਾ ਕਿ ਕਾਗਜ਼ਾਂ ਦੀ ਜਾਂਚ ਮਗਰੋਂ ਗੱਡੀ ਰਿਲੀਵ ਕਰ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਡਰਾਈਵਰ ਨੇ ਉਨ੍ਹਾਂ ਨਾਲ ਦੁਰਵਿਹਾਰ ਵੀ ਕੀਤਾ।