ਹਰਜੀਤ ਸਿੰਘ
ਜ਼ੀਰਕਪੁਰ, 7 ਦਸੰਬਰ
ਟਰੱਕ ਯੂਨੀਅਨਾਂ ਦੀ ਬਹਾਲੀ ਲਈ ਅਪਰੇਟਰਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਵੀ ਵੱਡੀ ਗਿਣਤੀ ਅਪਰੇਟਰਾਂ ਵੱਲੋਂ ਆਪਣੀ ਮੰਗਾਂ ਲਈ 200 ਫੁੱਟੀ ਐਰੋ ਸਿਟੀ ਰੋਡ ’ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਹਰਾਕਾਰੀ ਅਪਰੇਟਰਾਂ ਵੱਲੋਂ ਅੱਜ ਮੇਨ ਰੋਡ ਦੀ ਥਾਂ ਸਲਿੱਪ ਰੋਡ ’ਤੇ ਧਰਨਾ ਲਾਇਆ ਗਿਆ ਜਿਸ ਨਾਲ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਝੱਲਣੀ ਪਈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਅਪਰੇਟਰਾਂ ਵੱਲੋਂ ਸੜਕ ’ਤੇ ਜਾਮ ਲਾ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ।
ਬੁਲਾਰਿਆਂ ਕਿਹਾ ਕਿ ਸਰਕਾਰ ਨੇ ਯੂਨੀਅਨਾਂ ਨੂੰ ਭੰਗ ਕਰਕੇ ਅਪਰੇਟਰਾਂ ਨਾਲ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਮਾਏਦਾਰ ਵੱਡੀ ਕੰਪਨੀਆਂ ਦੇ ਮਾਲਕਾਂ ਦੇ ਹੱਕ ਵਿੱਚ ਭੁਗਤਦਿਆਂ ਅਜਿਹਾ ਫੈਸਲਾ ਕੀਤਾ ਸੀ ਜਿਸ ਨਾਲ ਵੱਡੀ ਗਿਣਤੀ ਵਿੱਚ ਅਪਰੇਟਰਾਂ ਦੇ ਢਿੱਡ ’ਤੇ ਲੱਤ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਮਹਿੰਗਾ ਹੋਣ ਨਾਲ ਅਪਰੇਟਰ ਭੁੱਖੇ ਮਰਨ ਦੀ ਕਗਾਰ ’ਤੇ ਪਹੁੰਚ ਗਏ ਹਨ।
ਇਸ ਮੌਕੇ ਟਰੱਕ ਯੂਨੀਅਨਾਂ ਬੁਲਾਰੇ ਦੇ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਵੱਲੋਂ ਉਨ੍ਹਾਂ ਨਾਲ ਮੀਟਿੰਗ ਕਰ ਸਮੱਸਿਆ ਹੱਲ ਕਰ ਦਕਰਨ ਦਾ ਭਰੋਸਾ ਦਿੱਤਾ ਹੈ ਪਰ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮੀਟਿੰਗ ਸ਼ੁਰੂ ਨਹੀਂ ਹੋਈ ਸੀ। ਦੂਜੇ ਪਾਸੇ ਮੁਜ਼ਾਹਰਾਕਾਰੀ ਅਪਰੇਟਰ ਧਰਨੇ ’ਤੇ ਡਟੇ ਹੋਏ ਸਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ ਤਦ ਤੱਕ ਉਹ ਧਰਨਾ ਜਾਰੀ ਰੱਖਣਗੇ। ਇਸ ਦੌਰਾਨ ਡੇਰਾਬੱਸੀ ਇਲਾਕੇ ਤੋਂ ਵੀ ਵੱਡੀ ਤਾਦਾਤ ਵਿੱਚ ਟਰੱਕ ਅਪਰੇਟਰ ਪਹੁੰਚੇ ਹੋਏ ਸਨ।