ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 24 ਨਵੰਬਰ
ਇੱਥੋਂ ਦੇ ਲੋਹਗੜ੍ਹ ਖੇਤਰ ਦੇ ਪਾਰਕ ਵਿੱਚ ਲੰਘੇ ਦਿਨੀਂ ਗੋਲੀਆਂ ਚਲਾੳਣ ਵਾਲੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਵਿਵੇਕ ਭਾਰਦਵਾਜ ਵਾਸੀ ਓਮੈਕਸ ਸਿਟੀ ਫੇਜ਼ 1 ਪਲਵਲ ਹਰਿਆਣਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ ਛੱਤ ਟਰੈਫਿਕ ਲਾਈਟ ਪੁਆਇੰਟ ‘ਤੇ ਉਸ ਵੇਲੇ ਕਾਬੂ ਕੀਤਾ ਜਦ ਉਹ ਨਸ਼ੇ ਦੀ ਖੇਪ ਲੈ ਕੇ ਪੈਦਲ ਜ਼ੀਰਕਪੁਰ ਵੱਲ ਆ ਰਿਹਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਹਰਿਆਣਾ ਦੇ ਟੋਪੀ ਗੈਂਗ ਦਾ ਮੈਂਬਰ ਹੈ ਜਿਸ ਖ਼ਿਲਾਫ਼ ਹਰਿਆਣਾ ਵਿੱਚ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
ਜਾਣਕਾਰੀ ਅਨੁਸਾਰ ਮੁਲਜ਼ਮ ਵੱਲੋਂ ਲੋਹਗੜ੍ਹ ਪਾਰਕ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਹਰਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਤੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਦਰਜ ਕੇਸ ਵਿੱਚ ਪੁਲੀਸ ਲੰਮੇ ਸਮੇਂ ਤੋਂ ਭਾਲ ਕਰ ਰਹੀ ਸੀ। ਜ਼ੀਰਕਪੁਰ ਦੇ ਨਵ ਨਿਯੁਕਤ ਡੀ.ਐੱਸ.ਪੀ. ਅਮਰੋਜ਼ ਸਿੰਘ ਤੇ ਥਾਣਾ ਮੁਖੀ ਰਾਜਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਤੋਂ 12 ਨਸ਼ੀਲੇ ਟੀਕੇ, 12 ਕੱਚ ਦੀ ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਦੇਸੀ ਕੱਟਾ ਅਤੇ ਕਾਰਤੂਸ ਬਰਾਮਦ ਕੀਤਾ ਹੈ।