ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 12 ਸਤੰਬਰ
ਇੱਥੋਂ ਦੇ ਸੈਕਟਰ-69 ਸਥਿਤ ਗਰੇਸ਼ੀਅਨ ਸੁਪਰ ਸਪੈਸਲਿਟੀ ਹਸਪਤਾਲ ਦੀ ਮਰੀਜ਼ਾਂ ਪ੍ਰਤੀ ਕਥਿਤ ਲਾਪਰਵਾਹੀ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਮੁਹਾਲੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੂੰ ਪਹਿਲਾਂ ਸਵੇਰੇ ਮ੍ਰਿਤਕ ਐਲਾਨ ਦਿੱਤਾ ਤੇ ਬਾਅਦ ਵਿੱਚ ਉਸ ਦੇ ਜਿਊਂਦਾ ਹੋਣ ਦੀ ਸੂਚਨਾ ਦਿੱਤੀ ਗਈ। ਕਰੋਨਾ ਪੀੜਤ ਹੋਣ ਕਾਰਨ ਉਨ੍ਹਾਂ ਨੂੰ ਗਰੇਸ਼ੀਅਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਹ ਵੈਂਟੀਲੇਟਰ ’ਤੇ ਸਨ।
ਅੱਜ ਵੀ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਹੋਇਆ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਬਾਊਂਸਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ਸਟਾਫ਼ ਨੇ ਅੱਜ ਸਵੇਰੇ 7.30 ਵਜੇ ਸ੍ਰੀ ਢਿੱਲੋਂ ਦੇ ਬੇਟੇ ਰਾਜੂ ਢਿੱਲੋਂ ਨੂੰ ਫੋਨ ’ਤੇ ਊਨ੍ਹਾਂ ਦੇ ਦੇਹਾਂਤ ਬਾਰੇ ਦੱਸਿਆ। ਇਸ ਸਬੰਧੀ ਹਸਪਤਾਲ ਵੱਲੋਂ ਬਾਕਾਇਦਾ ਸਿਵਲ ਸਰਜਨ ਨੂੰ ਵੀ ਜਾਣਕਾਰੀ ਭੇਜੀ ਗਈ। ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਗਈਆਂ। ਪਰ ਜਦੋਂ ਪਰਿਵਾਰਕ ਮੈਂਬਰ ਕਾਊਂਟਰ ’ਤੇ ਇਲਾਜ ਸਬੰਧੀ ਖ਼ਰਚੇ ਦਾ ਹਿਸਾਬ ਕਲੀਅਰ ਕਰਨ ਗਏ ਤਾਂ ਪਰਿਵਾਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਮਰੀਜ਼ ਮਰਿਆ ਨਹੀਂ ਜਿਊਂਦਾ ਹੈ। ਗਲਤੀ ਨਾਲ ਉਨ੍ਹਾਂ ਨੂੰ ਮਰੀਜ਼ ਦੀ ਮੌਤ ਦਾ ਸੁਨੇਹਾ ਲੱਗ ਗਿਆ ਸੀ। ਊਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਦੀ ਝਲਕ ਵੀ ਦਿਖਾਈ, ਜੋ ਵੈਂਟੀਲੇਟਰ ’ਤੇ ਸਨ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਸਨ। ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਜੇਰੇ ਇਲਾਜ ਰਾਮ ਪਾਲ ਦੀ ਮੌਤ ਹੋਈ ਸੀ, ਪਰ ਸਟਾਫ਼ ਨੇ ਗਲਤੀ ਨਾਲ ਉਨ੍ਹਾਂ ਦੇ ਫੋਨ ਨੰਬਰ ’ਤੇ ਸੁਨੇਹਾ ਦੇ ਦਿੱਤਾ। ਇਸੇ ਤਰ੍ਹਾਂ ਡੇਰਾਬੱਸੀ ਦੇ ਇਕ ਮਰੀਜ਼ ਦੀ ਲਾਸ਼ ਹੀ ਬਦਲ ਦਿੱਤੀ ਗਈ। ਪੀਜੀਆਈ ਤੋਂ ਗਰੇਸ਼ੀਅਨ ਹਸਪਤਾਲ ਵਿੱਚ ਲਿਆਂਦੀ ਗਈ ਔਰਤ ਦੇ ਪਰਿਵਾਰਕ ਮੈਂਬਰ ਵੀ ਕਾਫੀ ਰੌਲਾ ਪਾ ਰਹੇ ਹਨ। ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਹੋਇਆ ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਰਿਸ਼ਤੇਦਾਰਾਂ ਨੇ ਆਪਣੇ ਮਰੀਜ਼ ਦਾ ਚਿਹਰਾ ਦਿਖਾਉਣ ਦੀ ਮੰਗ ਕਰਦਿਆਂ ਲਾਸ਼ ਲਿਜਾਉਣ ਤੋਂ ਮਨ੍ਹਾ ਕਰ ਦਿੱਤਾ। ਮ੍ਰਿਤਕ ਪ੍ਰੇਮ ਵਰਮਾ ਦੇ ਭਰਾ ਸੰਦੀਪ ਵਰਮਾ ਨੇ ਕਿਹਾ ਕਿ ਹਸਪਤਾਲ ਨੇ ਉਨ੍ਹਾਂ ਨੂੰ ਕਿਸੇ ਹੋਰ ਵਿਅਕਤੀ ਦੀ ਲਾਸ਼ ਦੇ ਦਿੱਤੀ ਸੀ। ਪੁਲੀਸ ਦੇ ਦਖ਼ਲ ਨਾਲ ਮਾਮਲਾ ਹੱਲ ਹੋਇਆ। ਇੰਜ ਹੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੀਨਾ ਰਾਣੀ ਰਾਜਪੁਰਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਸੀ। ਉਸ ਨੂੰ ਸਾਹ ਦੀ ਦਿੱਕਤ ਸੀ ਤੇ ਡਾਕਟਰਾਂ ਨੇ ਜਾਂਚ ਮਗਰੋਂ ਦਸ ਮਿੰਟਾਂ ਬਾਅਦ ਹੀ ਊਸ ਨੂੰ ਕਰੋਨਾ ਪਾਜ਼ੇਟਿਵ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਕਿਹੜੀ ਲੈਬ ਹੈ ਜੋ 10 ਮਿੰਟਾਂ ਵਿੱਚ ਰਿਪੋਰਟ ਦੇ ਦਿੰਦੀ ਹੈ। ਉਹ ਮਰੀਜ਼ ਨੂੰ ਲੈ ਕੇ ਪੀਜੀਆਈ ਪਹੁੰਚੇ, ਜਿੱਥੇ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਕਰੋਨਾ ਨਹੀਂ ਹੋਇਆ ਹੈ, ਡਾਇਲਾਸਿਸ ਦੀ ਲੋੜ ਹੈ।
ਕੀ ਕਹਿਣਾ ਹੈ ਹਸਪਤਾਲ ਦੇ ਬੁਲਾਰੇ ਦਾ
ਗਰੇਸ਼ੀਅਨ ਹਸਪਤਾਲ ਦੇ ਨੁਮਾਇੰਦੇ ਰਾਹੁਲ ਮਾਰੀਆ ਨੇ ਦਾਅਵਾ ਕੀਤਾ ਕਿ ਹਸਪਤਾਲ ਵਿੱਚ ਮਰੀਜ਼ਾਂ ਵਿੱਚ ਪੂਰਾ ਖਿਆਲ ਰੱਖਿਆ ਜਾਂਦਾ ਹੈ ਤੇ ਮਿਆਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਢਿੱਲੋਂ ਨੂੰ ਮ੍ਰਿਤਕ ਐਲਾਨੇ ਜਾਣ ਸਬੰਧੀ ਰਾਹੁਲ ਨੇ ਦੱਸਿਆ ਕਿ ਸਟਾਫ਼ ਮੈਂਬਰ ਕੋਲੋਂ ਗਲਤੀ ਨਾਲ ਕਿਸੇ ਹੋਰ ਮ੍ਰਿਤਕ ਮਰੀਜ਼ ਦੀ ਥਾਂ ਢਿੱਲੋਂ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਸੀ। ਇਸ ਸਬੰਧੀ ਉਨ੍ਹਾਂ ਨੇ ਆਪਣੀ ਗਲਤੀ ਮੰਨਦਿਆਂ ਪੀੜਤ ਪਰਿਵਾਰ ਤੋਂ ਮੁਆਫ਼ੀ ਮੰਗ ਲਈ ਹੈ। ਡੇਰਾਬੱਸੀ ਦੇ ਮਰੀਜ਼ ਦੀ ਲਾਸ਼ ਬਦਲਣ ਸਬੰਧੀ ਉਨ੍ਹਾਂ ਕਿਹਾ ਕਿ ਕੰਮ ਦੇ ਦਬਾਅ ਕਾਰਨ ਅਜਿਹਾ ਹੋ ਗਿਆ ਸੀ ਤੇ ਅੱਗੇ ਤੋਂ ਉਹ ਪੂਰਾ ਖਿਆਲ ਰੱਖਣਗੇ।