ਕੁਰਾਲੀ (ਪੱਤਰ ਪ੍ਰੇਰਕ): ਪਿੰਡ ਕੁਬਾਹੇੜੀ ਦੇ ਸਰਪੰਚ ਗੁਰਦੇਵ ਸਿੰਘ ਨੇ ਇੱਕ ਐੱਨਆਰਆਈ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਂਦਿਆਂ ਰਸਤਾ ਰੋਕਣ ਅਤੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦਰੱਖ਼ਤ ਲਗਾਉਣ ਦਾ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸਰਪੰਚ ਗੁਰਦੇਵ ਸਿੰਘ ਨੇ ਕਿਹਾ ਕਿ ਪਿੰਡ ਲਾਗੇ ਇੱਕ ਐੱਨਆਰਆਈ ਨੇ ਆਪਣਾ ਫਾਰਮ ਹਾਊਸ ਬਣਾਇਆ ਹੋਇਆ ਹੈ। ਉਸ ਨੇ ਪਹਿਲਾਂ ਪਿੰਡ ਦੇ ਪਾਣੀ ਦਾ ਵਹਾਅ ਰੋਕਦਿਆਂ ਵਸਨੀਕਾਂ ਨਾਲ ਕਥਿੱਤ ਧੱਕੇਸ਼ਾਹੀ ਕੀਤੀ, ਜਿਸ ਸਬੰਧੀ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ ਪਰ ਪੁਲੀਸ ਚਾਰ ਸਾਲਾਂ ’ਚ ਵੀ ਉਸ ਨੂੰ ਗ੍ਰਿਫ਼ਤਾਰ ਨਾ ਕਰ ਸਕੀ। ਸਰਪੰਚ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਹੁਣ ਪਿੰਡ ਦੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲਾ ਰਸਤਾ ਰੋਕ ਲਿਆ ਅਤੇ ਪੰਚਾਇਤੀ ਜ਼ਮੀਨ ’ਚ ਕਬਜ਼ਾ ਕਰਨ ਦੀ ਨੀਅਤ ਨਾਲ ਬੂਟੇ ਲਗਾਉਣ ਦੀ ਤਾਕ ਵਿੱਚ ਹੈ।
ਇਸ ਸਬੰਧੀ ਡੀਐੱਸਪੀ ਰੁਪਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਕਈ ਵਾਰ ਉਸ ਐੱਨਆਰੀਆਈ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਪਰ ਉਹ ਕਾਬੂ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ, ਜੇ ਪੰਚਾਇਤ ਲਿਖਤੀ ਸ਼ਿਕਾਇਤ ਦੇਵੇਗੀ ਤਾਂ ਬਣਦੀ ਕਰਵਾਈ ਕਰਾਂਗੇ।