ਖਰੜ: ਸੀਆਈਏ ਸਟਾਫ ਖਰੜ ਨੇ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਖੁ਼ਦ ਨੂੰ ਹਿਊਮਨ ਰਾਈਟਸ ਵਿਭਾਗ ਵਿੱਚ ਜੁਆਇੰਟ ਸਕੱਤਰ ਦੇ ਅਹੁਦੇ ’ਤੇ ਤੈਨਾਤ ਹੋਣ ਸਬੰਧੀ ਦੱਸ ਕੇ ਸੀਆਈਏ ਸਟਾਫ ਅੰਦਰ ਪੁੱਛਗਿੱਛ ਕਰ ਰਿਹਾ ਸੀ। ਉਹ ਇਰਾਦਾ ਕਤਲ ਅਤੇ ਆਰਮਜ਼ ਐਕਟ ਅਧੀਨ ਦਰਜ ਕੇਸ ਵਿੱਚ ਇਕ ਵਿਅਕਤੀ ਬਾਰੇ ਪੁੱਛਗਿੱਛ ਕਰ ਰਿਹਾ ਸੀ। ਏਐੱਸਆਈ ਨੇ ਦੱਸਿਆ ਕਿ ਉਸ ਨੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਵਿਅਕਤੀ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਰਿਹਾਅ ਕੀਤਾ ਜਾਵੇ। ਮੁਲਜ਼ਮ ਨੇ ਆਪਣਾ ਆਈਡੀ ਕਾਰਡ, ਜੋ ਪਾਵਰ ਟੂ ਸੇਵ ਹਿਊਮਨ ਰਾਈਟਸ ਵੱਲੋਂ ਬਣਾਇਆ ਗਿਆ ਸੀ, ਵੀ ਦਿਖਾਇਆ। ਸੀਆਈਏ ਸਟਾਫ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਜਾਂਚ ਕੀਤੀ ਤਾਂ ਪਾਇਆ ਕਿ ਇਹ ਕਾਰਡ ਜਾਅਲੀ ਸੀ ਅਤੇ ਇਹ ਵਿਅਕਤੀ ਕਿਸੇ ਹਿਊਮਨ ਰਾਈਟਸ ਸੰਸਥਾ ਦਾ ਮੈਂਬਰ ਨਹੀਂ ਹੈ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। -ਪੱਤਰ ਪ੍ਰੇਰਕ