ਸਰਬਜੀਤ ਸਿੰਘ ਭੱਟੀ
ਲਾਲੜੂ, 7 ਅਗਸਤ
ਨੇੜਲੇ ਪਿੰਡ ਜੜੌਤ ਵਿੱਚ 9 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਪਿੰਡ ਦੇ ਹੀ ਇਕ ਨੌਜਵਾਨ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਪੀੜਤ ਲੜਕੀ ਦੀ ਮਾਂ ਪਿੰਡ ਵਿੱਚ ਲੋਕਾਂ ਦੇ ਘਰਾਂ ’ਚ ਕੰਮ-ਕਾਰ ਕਰਕੇ ਗੁਜ਼ਾਰਾ ਕਰਦੀ ਹੈ। ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਵਿਸਾਲ ਕੁਮਾਰ ਪੁੱਤਰ ਜਸਵੀਰ ਸਿੰਘ ਜੋ ਨਾਈ ਦਾ ਕੰਮ ਕਰਦਾ ਹੈ, ਨੇ ਪਹਿਲੀ ਅਗਸਤ ਨੂੰ ਉਸ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ। ਪੀੜਤਾ ਨੇ ਆਪਣੀ ਮਾਂ ਨੂੰ ਪੇਟ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਉਹ ਉਸ ਨੂੰ ਪਿੰਡ ਦੇ ਹੀ ਨੀਮ-ਹਕੀਮ ਕੋਲ ਲੈ ਗਈ ਤੇ ਦਵਾਈ ਦਿਵਾ ਦਿੱਤੀ ਪਰ ਹਕੀਮ ਨੇ ਲੜਕੀ ਨਾਲ ਗਲਤ ਕੰਮ ਹੋਣ ਦਾ ਖਦਸ਼ਾ ਪ੍ਰਗਟ ਕੀਤਾ। ਇਸ ਤੋਂ ਬਾਅਦ ਉਹ 5 ਅਗਸਤ ਨੂੰ ਲੜਕੀ ਨੂੰ ਸਿਵਲ ਹਸਪਤਾਲ ਡੇਰਾਬਸੀ ਲੈ ਗਈ, ਜਿਥੋਂ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਪੁਲੀਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਦਾ ਪੁਲੀਸ ਰਿਮਾਂਡ ਦਿੱਤਾ ਹੈ।