ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਮਈ
ਯੂਟੀ ਦੇ ਵੱਡੀ ਗਿਣਤੀ ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਦੀ ਮਾਨਤਾ ਸਮਾਪਤ ਹੋ ਗਈ ਹੈ। ਇਨ੍ਹਾਂ ਸਕੂਲਾਂ ਨੂੰ ਮਾਨਤਾ ਸ਼ਰਤਾਂ ਵਿਚਲੀਆਂ ਤਰੁੱਟੀਆਂ ਦੂਰ ਕਰਨ ਲਈ ਕਿਹਾ ਗਿਆ ਹੈ। ਇਸ ਵੇਲੇ ਜ਼ਿਆਦਾਤਰ ਸਕੂਲਾਂ ਨੇ ਫਾਇਰ ਸੇਫਟੀ ਤੇ ਇਮਾਰਤ ਸੇਫਟੀ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਜਿਸ ਕਾਰਨ ਇਨ੍ਹਾਂ ਸਕੂਲਾਂ ਨੂੰ ਹਾਲੇ ਤਕ ਮਾਨਤਾ ਨਹੀਂ ਮਿਲੀ।
ਇਹ ਵੀ ਪਤਾ ਲੱਗਾ ਹੈ ਕਿ ਇਸ ਵੇਲੇ ਜ਼ਿਆਦਾਤਰ ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਦੀ ਮਾਨਤਾ ਦੀ ਮਿਆਦ ਸਮਾਪਤ ਹੋ ਚੁੱਕੀ ਹੈ ਜਿਸ ਕਾਰਨ ਸਿੱਖਿਆ ਬੋਰਡ ਸੀਬੀਐੱਸਈ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਸਕਦਾ ਹੈ। ਇਸ ਲਈ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕਰ ਕੇ ਇਹ ਤਰੁੱਟੀਆਂ ਦੂਰ ਕਰਨ ਲਈ ਕਿਹਾ ਹੈ। ਇਥੋਂ ਦੇ ਨਿੱਜੀ ਸਕੂਲ ਦੇ ਇਕ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਮਾਰਚ ਵਿਚ ਮਾਨਤਾ ਸਮਾਪਤ ਹੋ ਚੁੱਕੀ ਹੈ ਤੇ ਹਾਲੇ ਤਕ ਮਾਨਤਾ ਦੇਣ ਬਾਰੇ ਸਕੂਲ ਨੂੰ ਕੋਈ ਪੱਤਰ ਨਹੀਂ ਆਇਆ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਈ ਸਕੂਲਾਂ ਦੀ ਮਾਨਤਾ ਹਾਲੇ ਰਿਨਿਊ ਨਹੀਂ ਹੋ ਸਕਦੀ ਕਿਉਂਕਿ ਸਕੂਲਾਂ ਕੋਲ ਮਾਨਤਾ ਨਵਿਆਉਣ ਲਈ ਪੂਰੇ ਦਸਤਾਵੇਜ਼ ਹੀ ਨਹੀਂ ਹਨ ਜਿਸ ਕਾਰਨ ਪੱਤਰ ਜਾਰੀ ਕੀਤਾ ਗਿਆ ਹੈ। ਕਈ ਸਕੂਲਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਨੂੰ ਮਾਨਤਾ ਨਵਿਆਉਣ ਦੀ ਅਰਜ਼ੀ ਕਈ ਵਾਰ ਭੇਜੀ ਜਾ ਚੁੱਕੀ ਹੈ ਪਰ ਮਾਨਤਾ ਨਹੀਂ ਮਿਲੀ। ਜੇ ਸਕੂਲ ਦੀ ਮਾਨਤਾ ਰਿਨੀਊ ਨਹੀਂ ਹੁੰਦੀ ਤਾਂ ਵਿਦਿਆਰਥੀਆਂ ਦੇ ਭਵਿੱਖ ਦਾ ਜ਼ਿੰਮੇਵਾਰ ਕੌਣ ਹੋਵੇਗਾ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਸੇ ਸਕੂਲ ਦੀ ਤਾਂ ਹੀ ਮਾਨਤਾ ਰਿਨੀਊ ਕੀਤੀ ਜਾਂਦੀ ਹੈ ਜੇਕਰ ਵਿਭਾਗ ਦੇ ਅਧਿਕਾਰੀ ਉਸ ਸਕੂਲ ਨੂੰ ਜਾ ਕੇ ਜਾਂਚਦੇ ਹਨ।
ਤਰੁੱਟੀਆਂ ਖਤਮ ਕਰਨ ’ਤੇ ਪੰਜ ਸਾਲ ਲਈ ਮਿਲੇਗੀ ਮਾਨਤਾ
ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਸੀਬੀਐੱਸਈ ਵਲੋਂ ਮਾਨਤਾ ਦੇਣ ਤੋਂ ਪਹਿਲਾਂ ਰਾਜ ਜਾਂ ਯੂਟੀਜ਼ ਦੇ ਸਿੱਖਿਆ ਅਧਿਕਾਰੀਆਂ ਤੋਂ ਵੀ ਸਕੂਲਾਂ ਦੇ ਦਸਤਾਵੇਜ਼ ਦੀ ਜਾਂਚ ਕਰਨ ਦਾ ਪ੍ਰਮਾਣ ਮੰਗਿਆ ਜਾਂਦਾ ਹੈ। ਇਸ ਕਰ ਕੇ ਹੀ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਵਿਦਿਆਰਥੀਆਂ ਦੇ ਵੇਰਵੇ, ਸਰਟੀਫਿਕੇਟ ਤੇ ਹੋਰ ਘਾਟਾਂ ਨੂੰ ਦੂਰ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਘਾਟਾਂ ਦੀ ਜਾਂਚ ਕਰਨ ਲਈ ਯੂਟੀ ਦੇ ਸਿੱਖਿਆ ਵਿਭਾਗ ਦੀ ਟੀਮ ਸਕੂਲਾਂ ਵਿਚ ਜਾ ਕੇ ਜਾਂਚ ਕਰੇਗੀ ਤੇ ਸਹੀ ਪਾਏ ਜਾਣ ’ਤੇ ਪੰਜ ਸਾਲਾਂ ਲਈ ਮਾਨਤਾ ਨਵਿਆਈ ਜਾਵੇਗੀ।