ਮੁਕੇਸ਼ ਕੁਮਾਰ
ਚੰਡੀਗੜ੍ਹ, 28 ਮਈ
ਕਰੋਨਾ ਕਾਲ ਵਿੱਚ ਸਾਈਬਰ ਠੱਗ ਪੂਰੀ ਤਰ੍ਹਾਂ ਸਰਗਰਮ ਹਨ। ਚੰਡੀਗੜ੍ਹ ਵਿੱਚ ਖਰੜ ਤੋਂ ਕਰੋਨਾ ਰੋਕੂ ਵੈਕਸੀਨ ਲਗਵਾਉਣ ਆਏ ਇੱਕ ਵਿਅਕਤੀ ਦੇ ਕਰੈਡਿਟ ਕਾਰਡ ਤੇ ਖਾਤੇ ਵਿਚੋਂ ਸਾਈਬਰ ਠੱਗ ਨੇ 53000 ਰੁਪਏ ਉਡਾ ਲਏ।
ਜਾਣਕਾਰੀ ਅਨੁਸਾਰ ਖਰੜ ਤੋਂ ਰਵੀ ਕੁਮਾਰ ਨਾਂ ਦਾ ਵਿਅਕਤੀ ਆਪਣੀ ਪਤਨੀ ਸਮੇਤ ਇਥੇ ਸੈਕਟਰ 28 ਵਿੱਚ ਕਰੋਨਾ ਵੈਕਸੀਨ ਲਗਵਾਉਣ ਆਇਆ ਸੀ। ਇਸ ਦੌਰਾਨ ਉਸ ਨੂੰ ਮੋਬਾਈਲ ’ਤੇ ਇੱਕ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਬੈਂਕ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਸੀ ਅਤੇ ਇਸ ਸਰਵੇਖਣ ਦੌਰਾਨ ਉਸ ਨੂੰ ‘ਖਾਸ’ ਗਾਹਕ ਚੁਣਿਆ ਗਿਆ ਹੈ।
ਸਾਈਬਰ ਠੱਗ ਨੇ ਪੀੜਿਤ ਰਵੀ ਨੂੰ ਗੱਲਾਂ ਹੀ ਗੱਲਾਂ ਵਿੱਚ ਉਸ ਦੇ ਮੋਬਾਈਲ ਨੰਬਰ ’ਤੇ ਆਇਆ ਓਟੀਪੀ ਨੰਬਰ ਪੁੱਛ ਲਿਆ।
ਓਟੀਪੀ ਦੱਸਣ ਤੋਂ ਬਾਅਦ ਕੁਝ ਹੀ ਦੇਰ ਵਿੱਚ ਰਵੀ ਦੇ ਕਰੈਡਿਟ ਕਾਰਡ ਵਿਚੋਂ ਦੋ ਵਾਰ ਅਣਪਛਾਤੇ ਵਿਅਕਤੀ ਦੇ ਅਕਾਊਂਟ ਵਿੱਚ 53000 ਰੁਪਏ ਟਰਾਂਸਫਰ ਹੋਣ ਦਾ ਮੈਸੇਜ ਮਿਲਿਆ। ਪੀੜਿਤ ਨੇ ਤੁਰੰਤ ਇਸ ਬਾਰੇ ਸਬੰਧਤ ਠਾਣੇ ਅਤੇ ਸਬੰਧਤ ਬੈਂਕ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।