ਪੱਤਰ ਪ੍ਰੇਰਕ
ਖਰੜ, 11 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿਚ ਪੈਂਦੇ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਬਣਾਉਣ ਸਬੰਧੀ ਕਾਰਵਾਈ ਤੇਜ਼ ਹੋ ਗਈ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਘੜੂੰਆਂ ਨੂੰ ਨਗਰ ਪੰਚਾਇਤ ਬਣਾ ਦਿੱਤਾ ਜਾਵੇਗਾ। ਇਸ ਸਬੰਧੀ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਲੋਂ ਬੀਤੇ ਦਿਨ ਖਰੜ ਦੇ ਤਹਿਸੀਲਦਾਰ ਨੂੰ ਇੱਕ ਚਿੱਠੀ ਲਿਖੀ ਗਈ ਸੀ ਕਿ ਘੜੂੰਆਂ ਨੂੰ ਨਗਰ ਪੰਚਾਇਤ ਬਣਾਉਣਾ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਇਸ ਨਗਰ ਪੰਚਾਇਤ ਵਿਚ ਪਿੰਡ ਘੜੂੰਆਂ, ਸਕਰੂਲਾਪੁਰ, ਪਿੰਡ ਮਾਮੂਪੁਰ ਅਤੇ ਪਿੰਡ ਰੁੜਕੀ ਦਾ ਰਕਬਾ ਸ਼ਾਮਲ ਕੀਤਾ ਜਾਣਾ ਹੈ। ਉਨ੍ਹਾਂ ਸਰਕਾਰ ਵੱਲੋਂ ਪ੍ਰਵਾਨਿਤ ਨਿਰਧਾਰਿਤ ਪ੍ਰੋਫਾਰਮਾ ਭੇਜ ਕੇ ਲਿਖਿਆ ਹੈ ਕਿ ਉਕਤ ਹਰੇਕ ਪਿੰਡ ਦੀ ਜਾਣਕਾਰੀ ਦਰਸਾਉਂਦਾ ਇਹ ਪ੍ਰੋਫਾਰਮਾ ਤੁਰੰਤ ਉਨ੍ਹਾਂ ਨੂੰ ਭੇਜਿਆ ਜਾਵੇ ਤਾਂ ਕਿ ਅਗਲੀ ਕਾਰਵਾਈ ਲਈ ਇਹ ਸਰਕਾਰ ਨੂੰ ਭੇਜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸ੍ਰੀ ਚੰਨੀ ਵਲੋਂ ਇਸ ਪਿੰਡ ਨੂੰ ਨਗਰ ਪੰਚਾਇਤ ਬਣਾਉਣ ਲਈ 2018 ਤੋਂ ਕਾਰਵਾਈ ਸ਼ੁਰੂ ਕਰਵਾਈ ਗਈ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਮਾਮਲਾ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਸੀ ਪਰ ਹੁਣ ਕਿਉਂਕਿ ਚੰਨੀ ਮੁੱਖ ਮੰਤਰੀ ਬਣ ਗਏ ਹਨ ਤਾਂ ਇਸ ਕੰਮ ਵਿਚ ਵੀ ਇੱਕਦਮ ਤੇਜ਼ੀ ਆ ਗਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਚਾਰਾਂ ਪਿੰਡਾਂ ਦੀ ਆਬਾਦੀ ਕੁੱਲ 15 ਹਜ਼ਾਰ ਦੇ ਕਰੀਬ ਹੋ ਗਈ ਹੈ।