ਪੱਤਰ ਪ੍ਰੇਰਕ
ਚੰਡੀਗੜ੍ਹ, 12 ਫ਼ਰਵਰੀ
ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸ਼ਹਿਰ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਚੰਡੀਗੜ੍ਹ ਦੀਆਂ ਸਿਹਤ ਸੰਸਥਾਵਾਂ ਨੂੰ ਆਪਣੀਆਂ ਓ.ਪੀ.ਡੀਜ਼ ਨੂੰ ਮੁਕੰਮਲ ਤੌਰ ’ਤੇ ਚਾਲੂ ਰੱਖਣ ਦੇ ਆਦੇਸ਼ ਦਿੱਤੇ ਹਨ। ਉਹ ਇਥੇ ਵਾਰ ਰੂਮ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਵਿੱਚ ਸਲਾਹਕਾਰ ਮਨੋਜ ਪਰੀਦਾ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਕੋਵਿਡਸ਼ੀਲਡ ਦੀਆਂ ਇਸ ਸਮੇਂ ਚੰਡੀਗੜ੍ਹ ਕੋਲ 1,21,850 ਖੁਰਾਕਾਂ ਉਪਲਬਧ ਹਨ ਅਤੇ ਟੀਕਾਕਰਨ ਦੀ ਰੇਟਿੰਗ ਵਧਾਉਣ ਲਈ ਯਤਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਟੀਕਾਕਰਨ ਸਬੰਧੀ ਲੋਕਾਂ ਦੇ ਮਨਾਂ ਵਿੱਚੋਂ ਝਿਜਕ ਦੂਰ ਕਰਨ ਲਈ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਤੇ ਸੀਨੀਅਰ ਡਾਕਟਰ ਟੀਕਾਕਰਨ ਦੀ ਅਗਵਾਈ ਕਰਨ। ਇਸ ਮੌਕੇ ਜੀ.ਐਮ.ਸੀ.ਐਚ.-32 ਤੋਂ ਡਾ. ਅਸ਼ੋਕ ਅੱਤਰੀ, ਡਾਇਰੈਕਟਰ (ਸਿਹਤ ਸੇਵਾਵਾਂ) ਡਾ. ਅਮਨਦੀਪ ਕੰਗ ਨੇ ਟੀਕਾਕਰਨ ਸਬੰਧੀ ਰਿਪੋਰਟ ਪੇਸ਼ ਕੀਤੀ।
ਲਾਲ ਡੋਰੇ ਤੋਂ ਬਾਹਰ ਉਸਾਰੀਆਂ ਨਾ ਕਰਨ ਦੀ ਅਪੀਲ
ਪ੍ਰਸ਼ਾਸਕ ਬਦਨੌਰ ਨੇ ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਉਸਾਰੀਆਂ ਸਬੰਧੀ ਨਵੀਂ ਪਾਲਿਸੀ ਫਾਈਨਲ ਨਾ ਹੋ ਜਾਵੇ, ਉਦੋਂ ਤੱਕ ਸ਼ਹਿਰ ਵਿੱਚ ਲਾਲ ਡੋਰੇ ਤੋਂ ਬਾਹਰ ਉਸਾਰੀਆਂ ਨਾ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਇੰਡੀਅਨ ਇੰਸਟੀਚਿਊਟ ਆਫ਼ ਹਿਊਮਨ ਸੈਟਲਮੈਂਟਸ ਬੰਗਲੌਰ ਨਾਲ ਸਲਾਹ-ਮਸ਼ਵਰਾ ਕਰਕੇ ਇਸ ਸਬੰਧ ਵਿੱਚ ਵਿਆਪਕ ਨੀਤੀ ਤਿਆਰ ਕੀਤੀ ਜਾ ਰਹੀ ਹੈ।