ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 14 ਅਕਤੂਬਰ
ਕੌਮਾਂਤਰੀ ਪੱਧਰ ‘ਤੇ ਦੇਸ਼ ਦੀ ਅਗਵਾਈ ਕਰਨ ਵਾਲੇ ਸ਼ੂਟਰ ਅਭਿਨਵ ਬਿੰਦਰਾ ਸਵੱਛ ਸਰਵੇਖਣ-2022 ਲਈ ਸੋਹਣੇ ਸ਼ਹਿਰ ਚੰਡੀਗੜ੍ਹ ਦੇ ਬ੍ਰਾਂਡ ਅੰਬੈਸਡਰ ਬਣਾਏ ਗਏ ਹਨ। ਨਗਰ ਨਿਗਮ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਬਾਰੇ ਸ੍ਰੀ ਬਿੰਦਰਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਸ਼ਹਿਰ ਦੇ ਸਵੱਛ ਸਰਵੇਖਣ ਮੁਹਿੰਮ ਨਾਲ ਜੁੜਨ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਸ਼੍ਰੀ ਬਿੰਦਰਾ ਚੰਡੀਗੜ੍ਹ ਨਗਰ ਨਿਗਮ ਵਲੋਂ ਵੱਖੋ ਵੱਖਰੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਗਤੀਵਿਧੀਆਂ ਵਿੱਚ ਸਰਗਰਮ ਸ਼ਮੂਲੀਅਤ, ਸਰੋਤ ਪੱਧਰ ਤੋਂ ਸੁੱਕਾ ਦੇ ਗਿੱਲਾ ਕੂੜਾ ਵੱਖੋ ਵੱਖਰਾ ਕਰਨ, ਸ਼ਹਿਰ ਵਿੱਚ ਸਫਾਈ ਵਿਵਸਥਾ ਬਾਰੇ ਫੀਡਬੈਕ, ਸਵੱਛ ਸਰਵੇਖਣ ਬਾਰੇ ਸਵੱਛਤਾ ਐਪ ਦੇ ਸਬੰਧ ਵਿੱਚ ਵਿਹਾਰਕ ਤਬਦੀਲੀਆਂ ਲਈ ਨਾਗਰਿਕਾਂ ਨਾਲ ਗੱਲਬਾਤ ਕਰਨਗੇ।