ਕੁਲਦੀਪ ਸਿੰਘ
ਚੰਡੀਗੜ੍ਹ, 18 ਅਕਤੂਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਸਖ਼ਤ ਪੁਲੀਸ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹੀਆਂ। ਪ੍ਰਧਾਨਗੀ ਦੀ ਚੋਣ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ‘ਛਾਤਰਾ ਯੁਵਾ ਸੰਘਰਸ਼ ਸਮਿਤੀ (ਸੀ.ਵਾਈ.ਐਸ.ਐਸ.) ਨੇ 2712 ਵੋਟਾਂ ਹਾਸਲ ਕਰਕੇ ਜਿੱਤ ਲਈ। ਇੰਜ ਆਯੂਸ਼ ਖਟਕੜ ਪ੍ਰਧਾਨ ਬਣ ਗਿਆ ਹੈ। ਇਸ ਤੋਂ ਇਲਾਵਾ ਇਨਸੋ ਉਮੀਦਵਾਰ ਪਰਵੇਸ਼ ਬਿਸ਼ਨੋਈ ਸਕੱਤਰ ਤੇ ਐੱਨਐੱਸਯੂਆਈ ਦੇ ਹਰਸ਼ਦੀਪ ਸਿੰਘ ਬਾਠ ਮੀਤ ਪ੍ਰਧਾਨ ਅਤੇ ਮਨੀਸ਼ ਬੂਰਾ ਸੰਯੁਕਤ ਸਕੱਤਰ ਚੁਣੇ ਗਏ। ਦੱਸਣਯੋਗ ਹੈ ਇਨ੍ਹਾਂ ਚੋਣਾਂ ਲਈ ਇਸ ਵਾਰ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋ ਕੁੱਲ 8 ਉਮੀਦਵਾਰ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ ਜਿਨ੍ਹਾਂ ਵਿੱਚੋਂ ਐੱਸ.ਓ.ਆਈ. ਦਾ ਉਮੀਦਵਾਰ ਮਾਧਵ ਸ਼ਰਮਾ, ਐੱਨ.ਐੱਸ.ਯੂ.ਆਈ. ਦਾ ਪ੍ਰਧਾਨਗੀ ਉਮੀਦਵਾਰ, ਐੱਸ.ਐੱਫ.ਐੱਸ. ਦੀ ਭਵਨਜੋਤ ਕੌਰ, ਪੀ.ਐੱਸ.ਯੂ. (ਲਲਕਾਰ) ਦਾ ਗੁਰਜੀਤ ਸਿੰਘ, ਸੱਥ ਦਾ ਜੋਧ ਸਿੰਘ ਅਤੇ ਪੁਸੂ ਦੀ ਸ਼ਿਵਾਲੀ ਪ੍ਰਧਾਨਗੀ ਦੀ ਚੋਣ ਹਾਰ ਗਏ ਹਨ। ਏ.ਬੀ.ਵੀ.ਪੀ. ਦੇ ਪ੍ਰਧਾਨਗੀ ਉਮੀਦਵਾਰ ਨੂੰ 2052 ਵੋਟਾਂ, ਐੱਨ.ਐੱਸ.ਯੂ.ਆਈ. ਨੂੰ 1582, ਐੱਸ.ਓ.ਆਈ. ਨੂੰ 1336, ਐੱਸ.ਐੱਫ.ਐੱਸ. ਨੂੰ 864, ਸੱਥ ਨੂੰ 382, ਪੀ.ਐੱਸ.ਯੂ. ਲਲਕਾਰ ਨੂੰ 411, ਪੂਸੂ ਨੂੰ 408 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ 172 ਵਿਦਿਆਰਥੀਆਂ ਨੇ ‘ਨੋਟਾ’ ਦਾ ਬਟਨ ਦਬਾਇਆ।
ਚੋਣਾਂ ਵਿੱਚ ਸੀ.ਵਾਈ.ਐੱਸ.ਐੱਸ. ਵੱਲੋਂ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਆਈਸਾ, ਪੀ.ਯੂ.ਐੱਚ.ਐੱਚ. ਤੇ ਜੀ.ਜੀ.ਐੱਸ.ਯੂ. ਵੱਲੋਂ ਗੱਠਜੋੜ ਕੀਤਾ ਗਿਆ ਸੀ ਜਦਕਿ ਏ.ਬੀ.ਵੀ.ਪੀ. ਵੱਲੋਂ ਇਨਸੋ, ਐੱਚ.ਪੀ.ਐੱਸ.ਯੂ., ਹਿਮਸੂ ਨਾਲ ਗਠਜੋੜ ਕਰਦਿਆਂ ਵੱਖ-ਵੱਖ ਅਹੁਦਿਆਂ ਲਈ ਸੀਟਾਂ ਦੀ ਵੰਡ ਕੀਤੀ ਸੀ। ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ.ਓ.ਆਈ. ਵੱਲੋਂ ਪੂਸੂ ਨਾਲ ਮਿਲ ਕੇ ਚੋਣ ਲੜੀ ਗਈ।
ਦਿੱਗਜ਼ ਪਾਰਟੀਆਂ ਦੇ ਪ੍ਰਧਾਨਗੀ ਉਮੀਦਵਾਰ ਚੋਣ ਹਾਰੇ
ਦਿੱਗਜ਼ ਰਾਜਨੀਤਕ ਪਾਰਟੀਆਂ ਵੱਲੋਂ ਇਸ ਵਾਰ ਚੋਣਾਂ ਵਿੱਚ ਉਤਾਾਰੇ ਗਏ ਭਾਜਪਾ ਦੇ ਵਿਦਿਆਰਥੀ ਵਿੰਗ ‘ਏ.ਬੀ.ਵੀ.ਪੀ.’ ਦਾ ਉਮੀਦਵਾਰ ਹਰੀਸ਼ ਗੁੱਜਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਐਲਾਨੇ ਗਏ ਵਿਦਿਆਰਥੀ ਵਿੰਗ ਐੱਸ.ਓ.ਆਈ. ਦੇ ਉਮੀਦਵਾਰ ਮਾਧਵ ਸ਼ਰਮਾ, ਕਾਂਗਰਸ ਕਾਰਟੀ ਦੇ ਵਿਦਿਆਰਥੀ ਵਿੰਗ ਐੱਨ.ਐੱਸ.ਯੂ.ਆਈ. ਦੇ ਉਮੀਦਵਾਰ ਗੁਰਵਿੰਦਰ ਸਿੰਘ ਚੋਣ ਹਾਰ ਗਏ ਹਨ।
ਵਿਦਿਆਰਥੀ ਕੇਂਦਰ ’ਤੇ ਮਨਾਏ ਜਿੱਤ ਦੇ ਜਸ਼ਨ
ਪੀ.ਯੂ. ਦੇ ਜਿਮਨੇਜ਼ੀਅਮ ਹਾਲ ਵਿੱਚ ਵੋਟਾਂ ਦੀ ਹੋਈ ਗਿਣਤੀ ਮਗਰੋਂ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਜੇਤੂ ਪਾਰਟੀਆਂ ਵੱਲੋਂ ਵਿਦਿਆਰਥੀ ਕੇਂਦਰ ਵਿੱਚ ਇਕੱਠੇ ਹੋ ਕੇ ਆਪੋ-ਆਪਣੀ ਜਿੱਤ ਦੇ ਜਸ਼ਨ ਮਨਾਏ ਗਏ। ਆਮ ਆਦਮੀ ਪਾਰਟੀ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਵਿਦਿਆਰਥੀ ਚੋਣਾਂ ਲਈ ਇੰਚਾਰਜ ਮੀਤ ਹੇਅਰ, ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਵਿਦਿਆਰਥੀ ਕੇਂਦਰ ਪਹੁੰਚ ਕੇ ਜਿੱਤ ਦੀ ਖੁਸ਼ੀ ਮਨਾਈ। ‘ਆਪ’ ਦੇ ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਮੁਲਾਜ਼ਮ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਵੀ ਇਸ ਜਿੱਤ ਉਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
ਚੰਡੀਗੜ੍ਹ ਦੇ ਕਾਲਜਾਂ ਵਿੱਚ ਵੀ ਹੋਈ ਪ੍ਰਧਾਨ ਦੀ ਚੋਣ
ਚੰਡੀਗੜ੍ਹ ਵਿੱਚ ਅੱਜ ਪੰਜਾਬ ਯੂਨੀਵਰਸਿਟੀ ਸਮੇਤ ਸ਼ਹਿਰ ਦੇ ਵੱਖ-ਵੱਖ ਕਾਲਜਾਂ ਵਿੱਚ ਵੀ ਵਿਦਿਆਰਥੀ ਕੌਂਸਲ ਚੋਣਾਂ ਹੋਈਆਂ ਜਿਨ੍ਹਾਂ ਵਿੱਚ ਸੈਕਟਰ 32 ਸਥਿਤ ਐਸ.ਡੀ. ਕਾਲਜ ਵਿੱਚ ਐੱਸ.ਓ.ਆਈ. ਦੇ ਉਮੀਦਵਾਰ ਗੁਰਬਾਜ ਸਿੰਘ ਨੇ ਚੋਣ ਜਿੱਤ ਕੇ ਪ੍ਰਧਾਨਗੀ ਹਾਸਲ ਕੀਤੀ ਜਦਕਿ ਭਾਜਪਾ ਆਗੂ ਪੱਪੂ ਸ਼ੁਕਲਾ ਦਾ ਪੁੱਤਰ ਗੁਰਬਾਜ਼ ਸਿੰਘ ਇਹ ਚੋਣ ਹਾਰ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀ.ਵਾਈ.ਐੱਸ.ਐਸ. ਦਾ ਉਮੀਦਵਾਰ ਪਰਗਟ ਸਿੰਘ ਪ੍ਰਧਾਨਗੀ ਦੀ ਚੋਣ ਜਿੱਤ ਗਿਆ ਹੈ। ਪੀ.ਜੀ.ਜੀ.ਸੀ. ਸੈਕਟਰ 11 ਵਿੱਚ ਐਸ.ਓ.ਆਈ. ਪਾਰਟੀ ਦਾ ਹਿਮਾਂਸ਼ੂ ਅਰੋੜਾ ਨੇ ਪ੍ਰਧਾਨਗੀ ਦੀ ਚੋਣ ਜਿੱਤੀ। ਸੈਕਟਰ 46 ਕਾਲਜ ਵਿੱਚ ਇਨਸੋ ਦਾ ਪੂਰਾ ਪੈਨਲ ਜਿੱਤ ਗਿਆ ਜਿਨ੍ਹਾਂ ਵਿੱਚੋਂ ਗੌਤਮ ਪ੍ਰਧਾਨ, ਵਿਕਾਸ ਮੀਤ ਪ੍ਰਧਾਨ, ਆਨੰਦ ਸਰੂਪ ਸਕੱਤਰ ਅਤੇ ਨਿਤਿਕਾ ਸੰਯੁਕਤ ਸਕੱਤਰ ਬਣੀ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਸੈਕਟਰ 26 ਵਿੱਚ ਚੋਣਾਂ ਹੋਣ ਤੋਂ ਬਗੈਰ ਹੀ ਸਰਬਸੰਮਤੀ ਨਾਲ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਚੁਣੇ ਗਏ।
ਨਤੀਜਿਆਂ ਮਗਰੋਂ ਜਿੱਤ ਦੇ ਜਸ਼ਨ