ਸਰਬਜੀਤ ਸਿੰਘ ਭੱਟੀ
ਲਾਲੜੂ, 17 ਫਰਵਰੀ
ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਲਾਲੜੂ, ਦੱਪਰ, ਚਾਂਦਹੇੜੀ ਸਮੇਤ ਵੱਖ ਵੱਖ ਪਿੰਡਾਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਪੰਜਾਬ ਵਿੱਚ ਆਪ ਪਾਰਟੀ ਆ ਗਈ ਤਾਂ ਸੂਬੇ ਦੀ ਸੁਰੱਖਿਆ ਲਈ ਵੱਡਾ ਖਤਰਾ ਖੜ੍ਹਾ ਹੋ ਸਕਦਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਸੱਤਾ ਹਥਿਆਉਣਾ ਚਾਹੁੰਦਾ ਹੈ। ਉਨ੍ਹਾਂ ਭਗਵੰਤ ਮਾਨ ਨੂੰ ਕੇਵਲ ਨਾਂ ਦਾ ਹੀ ਮੁੱਖ ਮੰਤਰੀ ਐਲਾਨਿਆ ਹੈ, ਅਸਲ ਵਿੱਚ ਉਹ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਫਾਊਂਡਰ ਮੈਂਬਰ ਕੁਮਾਰ ਵਿਸ਼ਵਾਸ ਨੇ ਇਕ ਵੀਡੀਓ ਰਾਹੀਂ ਖੁਲਾਸਾ ਕੀਤਾ ਕਿ ਸ੍ਰੀ ਕੇਜਰੀਵਾਲ ਦੇਸ਼ ਵਿਰੋਧੀ ਫਿਰਕੂ ਤਾਕਤਾਂ ਦਾ ਸਹਾਰਾ ਲੈ ਕੇ ਪੰਜਾਬ ਵਿੱਚ ਰਾਜ ਕਰਨ ਦਾ ਸੁਪਨਾ ਵੇਖ ਰਿਹਾ ਹੈ, ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਇਕ ਖਤਰੇ ਦੀ ਘੰਟੀ ਹੈ। ਕੁਮਾਰ ਵਿਸ਼ਵਾਸ ਨੇ ਆਪਣੀ ਵੀਡੀਓ ਰਾਹੀਂ ਕੇਜਰੀਵਾਲ ਦਾ ਪੰਜਾਬ ਵਿਰੋਧੀ ਚਿਹਰਾ ਵੀ ਬੇਨਕਾਬ ਕੀਤਾ ਹੈ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਤੋਂ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚੀਆਂ ਹਨ, ਜੋ ਵਿਅਕਤੀ ਪੈਸੇ ਦੇ ਕੇ ਟਿਕਟ ਖਰੀਦਣਗੇ, ਉਹ ਕਿਸੇ ਕੀਮਤ ’ਤੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਡੇਰਾਬਸੀ ਤੋਂ ‘ਆਪ’ ਦੇ ਉਮੀਦਵਾਰ ਕੁਲਜੀਤ ਰੰਧਾਵਾ ਨੂੰ ਹਲਕੇ ਦੀਆਂ ਸਮੱਸਿਆਵਾਂ ਬਾਰੇ ਕੋਈ ਗਿਆਨ ਨਹੀਂ। ਲਾਲੜੂ ਖੇਤਰ ਦੇ ਕਈ ਪਿੰਡਾਂ ਵਿੱਚ ਸ੍ਰੀ ਸ਼ਰਮਾ ਦਾ ਭਰਵਾਂ ਸੁਆਗਤ ਕੀਤਾ ਗਿਆ ਤੇ ਲੱਡੂਆਂ ਨਾਲ ਤੋਲਿਆ ਗਿਆ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਵੱਲੋਂ ਯੂ.ਪੀ, ਬਿਹਾਰ ਤੇ ਦਿੱਲੀ ਦੇ ਪਰਵਾਸੀਆਂ ਨੂੰ ਭਈਆ ਕਹਿ ਕੇ ਪੰਜਾਬ ’ਚ ਫਟਕਣ ਨਾ ਦੇਣ ਦਾ ਬਿਆਨ ਬਹੁਤ ਮੰਦਭਾਗਾ ਹੈ, ਜਦੋਂਕਿ ਕਾਂਗਰਸ ਹਮੇਸ਼ਾ ਪਰਵਾਸੀ ਭਾਈਚਾਰੇ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਦੀ ਰਹੀ। ਉਨ੍ਹਾਂ ਕਿਹਾ ਕਿ ਪਰਵਾਸੀ ਕਾਮਿਆਂ ਨੇ ਪੰਜਾਬ ਦੇ ਵਿਕਾਸ ’ਚ ਯੋਗਦਾਨ ਪਾਇਆ ਹੈ।
ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੇ ਬਣਾਏਗੀ ‘ਆਪ’ ਸਰਕਾਰ: ਅਨਮੋਲ ਗਗਨ
ਕੁਰਾਲੀ (ਪੱਤਰ ਪ੍ਰੇਰਕ) ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਹਲਕੇ ਦੇ ਪਿੰਡਾਂ ’ਚ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਾਵੇਗੀ। ਉਨ੍ਹਾਂ ਸੂਬੇ ਦੀ ਤਰੱਕੀ ਲਈ ਹਲਕਾ ਵਾਸੀਆਂ ਨੂੰ ‘ਝਾੜੂ’ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਅਨਮੋਲ ਗਗਨ ਮਾਨ ਨੇ ਹਲਕੇ ਦੇ ਪਿੰਡ ਨਿਹੋਲਕਾ, ਰਾਮਪੁਰ ਟੱਪਰੀਆਂ, ਮੁੱਲਾਂਪੁਰ ਸੋਢੀਆਂ, ਨੱਗਲ ਗੜ੍ਹੀਆ, ਚਨਾਲੋਂ, ਝਿੰਗੜਾਂ ਕਲਾਂ, ਰਕੌਲੀ, ਝਿੰਗੜਾਂ ਖੁਰਦ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਬਣਨ ’ਤੇ ਹਲਕੇ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਨੁਮਾਇੰਦਗੀ ਹੇਠ ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਦੇ ਸਾਥ ਸਦਕਾ ਇਤਿਹਾਸਕ ਜਿੱਤ ਹਾਸਲ ਕਰਨ ਲਈ ਤਿਆਰ ਹੈ। ਅਨਮੋਲ ਗਗਨ ਨੇ ਰਵਾਇਤੀ ਅਕਾਲੀ ਤੇ ਕਾਂਗਰਸੀ ਨੇਤਾਵਾਂ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਖੱਜਲ ਖੁਆਰੀ ਦੇ ਰਾਹ ’ਤੇ ਤੋਰਨ ਵਾਲੀਆਂ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੇ ਆਪਣੇ ਮਹਿਲ ਛੱਤ ਲਏ ਹਨ ਜਦੋਂਕਿ ਆਮ ਆਦਮੀ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਵੀ ਇਨ੍ਹਾਂ ਦੇ ਦਫਤਰਾਂ ਦੇ ਧੱਕੇ ਖਾ ਰਿਹਾ ਹੈ।