ਹਰਜੀਤ ਸਿੰਘ
ਡੇਰਾਬੱਸੀ, 17 ਅਕਤੂਬਰ
ਇੱਥੋਂ ਦੀ ਨਗਰ ਕੌਂਸਲ ’ਤੇ ਅੱਜ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਨਗਰ ਕੌਂਸਲ ਪ੍ਰਧਾਨ ਦੀ ਚੋਣ ਸਬੰਧੀ ਹੋਈ ਮੀਟਿੰਗ ਦੌਰਾਨ ਵਾਰਡ ਨੰਬਰ 13 ਤੋਂ ਕੌਂਸਲਰ ਆਸ਼ੂ ਉਪਨੇਜਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਆਸ਼ੂ ਉਪਨੇਜਾ ਨਗਰ ਕੌਂਸਲ ਦੀ ਤੀਜੀ ਮਹਿਲਾ ਪ੍ਰਧਾਨ ਬਣੀ ਹੈ। ਪਹਿਲਾਂ ਮਨਜੀਤ ਕੌਰ ਡਾਲੀ ਅਤੇ ਬਲਜਿੰਦਰ ਕੌਰ ਨਗਰ ਕੌਂਸਲ ਦੀ ਮਹਿਲਾ ਪ੍ਰਧਾਨ ਰਹਿ ਚੁੱਕੇ ਹਨ।
ਚੋਣ ਅਧਿਕਾਰੀ ਕਮ ਐੱਸ.ਡੀ.ਐੱਮ. ਹਿਮਾਂਸ਼ੂ ਗੁਪਤਾ ਦੀ ਦੇਖ-ਰੇਖ ਹੋਈ ਚੋਣ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਹਿੱਸਾ ਲੈਂਦਿਆਂ ਆਪਣੀ ਵੋਟ ਆਸ਼ੂ ਉਪਨੇਜਾ ਨੂੰ ਪਾਈ। ਮੀਟਿੰਗ ਦੌਰਾਨ ਵਾਰਡ ਨੰਬਰ 12 ਤੋਂ ਕੌਂਸਲਰ ਅਮਿਤ ਵਰਮਾ ਨੇ ਆਸ਼ੂ ਉਪਨੇਜਾ ਦਾ ਨਾਂਅ ਪੇਸ਼ ਕੀਤਾ ਜਿਸ ਦਾ ਵਿਧਾਇਕ ਸ੍ਰੀ ਰੰਧਾਵਾ ਸਣੇ ਹੋਰਨਾਂ ਕੌਂਸਲਰਾਂ ਨੇ ਹੱਥ ਖੜ੍ਹੇ ਕਰ ਸਮਰਥਨ ਕੀਤਾ। ਅਕਾਲੀ ਦਲ ਦੇ ਤਿੰਨੇ ਕੌਂਸਲਰਾਂ ਨੇ ਆਸ਼ੂ ਉਪਨੇਜਾ ਨੂੰ ਸਮਰਥਨ ਦਿੱਤਾ।
ਮੀਟਿੰਗ ਵਿੱਚ ਹਾਜ਼ਰ ‘ਆਪ’ ਕੌਂਸਲਰ ਅਤੇ ਪ੍ਰਧਾਨਗੀ ਦੇ ਦਾਅਵੇਦਾਰ ਐਡਵੋਕੇਟ ਵਿਕਰਾਂਤ ਪਵਾਰ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ। ਮੀਟਿੰਗ ਵਿੱਚ ਕੁੱਲ 19 ਕੌਂਸਲਰਾਂ ਵਿੱਚੋਂ ਲੰਘੇ ਦਿਨੀਂ ‘ਆਪ’ ਵਿੱਚ ਸ਼ਾਮਲ ਹੋਏ ਨੌਂ ਕੌਂਸਲਰ, ਅਕਾਲੀ ਦਲ ਦੇ ਤਿੰਨ ਕੌਂਸਲਰਾਂ ਸਣੇ ਕਾਂਗਰਸ ਦੀ ਕੌਂਸਲਰ ਬਲਵਿੰਦਰ ਕੌਰ ਨੇ ਅੱਜ ਐਨ ਮੌਕੇ ’ਤੇ ਆਸ਼ੂ ਉਪਨੇਜਾ ਨੂੰ ਸਮਰਥਨ ਦੇ ਦਿੱਤਾ ਜਿਸ ਨੂੰ ਰਲਾ ਕੇ ਮੀਟਿੰਗ ਵਿੱਚ ਕੁੱਲ 13 ਕੌਂਸਲਰ ਹਾਜ਼ਰ ਸੀ। ਪੰਜ ਕਾਂਗਰਸੀ ਕੌਂਸਲਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਈਕਾਟ ਕਰ ਚਲੇ ਗਏ ਜਦਕਿ ਕੌਂਸਲ ਦਾ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈਡੀ ਮੀਟਿੰਗ ਵਿੱਚੋਂ ਗੈਰਹਾਜ਼ਰ ਰਹੇ।
ਆਜ਼ਾਦ ਕੌਂਸਲਰ ਵਜੋਂ ਜਿੱਤੀ ਸੀ ਚੋਣ
ਆਸ਼ੂ ਉਪਨੇਜਾ ਦੇ ਪਤੀ ਨਰੇਸ਼ ਉਪਨੇਜਾ ਸਭ ਤੋਂ ਪਹਿਲੀ ਵਾਰ ਭਾਜਪਾ ਪਾਰਟੀ ਤੋਂ ਚੋਣ ਲੜ ਕੇ ਕੌਂਸਲਰ ਬਣੇ ਸਨ। ਲੰਘੀ ਚੋਣਾਂ ਦੌਰਾਨ ਕਿਸਾਨੀ ਸੰਘਰਸ਼ ਕਾਰਨ ਭਾਜਪਾ ਦਾ ਕਾਫੀ ਵਿਰੋਧ ਹੋ ਰਿਹਾ ਸੀ ਜਿਸ ਨੂੰ ਦੇਖਦਿਆਂ ਨਰੇਸ਼ ਉਪਨੇਜਾ ਨੇ ਬਤੌਰ ਆਜ਼ਾਦ ਉਮੀਦਵਾਰ ਆਪਣੀ ਪਤਨੀ ਆਸ਼ੂ ਉਪਨੇਜਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਲੰਘੇ ਦਿਨੀਂ ਹੋਰਨਾਂ ਕੌਂਸਲਰਾਂ ਨਾਲ ਆਸ਼ੂ ਉਪਨੇਜਾ ‘ਆਪ’ ਵਿੱਚ ਸ਼ਾਮਲ ਹੋ ਗਈ ਸੀ। ਆਸ਼ੂ ਉਪਨੇਜਾ ਨੇ ਕਿਹਾ ਕਿ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਹਲਕਾ ਵਿਧਾਇਕ ਰੰਧਾਵਾ ਦੀ ਅਗਵਾਈ ਹੇਠ ਵਿਕਾਸ ਕੀਤਾ ਜਾਏਗਾ।